ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਂਪੰਚਾਇਤ ਅੱਜ
ਚੰਡੀਗੜ੍ਹ, 21ਮਈ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਵਿਰੋਧ ਲਈ ਰਣਨੀਤੀ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਲੁਧਿਆਣਾ ਦੇ ਕਸਬਾ ਜਗਰਾਉਂ ਦੀ ਦਾਣਾ ਮੰਡੀ ਵਿੱਚ ਕਿਸਾਨ-ਮਜ਼ਦੂਰ ਮਹਾਂਪੰਚਾਇਤ ਬੁਲਾਈ ਗਈ ਹੈ। ਮਹਾਂਪੰਚਾਇਤ ਵਿੱਚ ਮੁੱਖ ਤੌਰ ’ਤੇ ਸੀਨੀਅਰ ਆਗੂ ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ, ਜਗਮੋਹਨ ਸਿੰਘ ਪਟਿਆਲਾ, ਅੰਗਰੇਜ਼ ਸਿੰਘ, ਮੁਕੇਸ਼ ਚੰਦਰ ਆਦਿ ਪੁੱਜਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ, ਦਾ ਵਿਰੋਧ ਕਿਵੇਂ ਕੀਤਾ ਜਾਵੇ, ਸਬੰਧੀ ਫੈਸਲਾ ਮਹਾਪੰਚਾਇਤ ਵਿੱਚ ਲਿਆ ਜਾਵੇਗਾ। ਇਸ ਮਹਾਂਪੰਚਾਇਤ ਵਿੱਚ ਕਿਸਾਨ ਆਪਣੇ ਅਗਲੇ ਸੰਘਰਸ਼ ਦਾ ਰੂਪ ਵੀ ਤੈਅ ਕਰਨਗੇ। ਸਾਂਝੇ ਕਿਸਾਨ ਮੋਰਚੇ ਵਿੱਚ ਸ਼ਾਮਲ ਪਟਿਆਲਾ ਜ਼ਿਲ੍ਹੇ ਦੀਆਂ ਕਈ ਯੂਨੀਅਨਾਂ ਦੀ ਬੀਤੇ ਕੱਲ੍ਹ ਮੀਟਿੰਗ ਹੋਈ। ਹਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਮੀਟਿੰਗ ਵਿੱਚ ਮੁੱਖ ਤੌਰ ’ਤੇ ਮਹਾਂਪੰਚਾਇਤ ਦੇ ਮੁੱਦੇ ਨੂੰ ਲੈ ਕੇ ਰਣਨੀਤੀ ਬਣਾਈ ਗਈ।























