
– ਨਾਟਕ ਪੀ.ਜੀ.-ਦ ਪੇਇੰਗ ਗੈੱਸਟ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ-ਪਾਲੀ ਭੁਪਿੰਦਰ
ਸੰਜੀਵਨ ਦੀ ਨਵ-ਪ੍ਰਕਾਸ਼ਿਤ ਨਾਟ-ਪੁਸਤਕ “ਪੀ ਜੀ-ਦ ਪੇਇੰਗ ਗੈੱਸਟ” ਦਾ ਲੋਕ-ਅਰਪਣ ਪੰਜਾਬ ਸਾਹਿਤ ਅਕਾਦਮੀ ਅਤੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕੀਤਾ ਗਿਆ।ਸੰਜੀਵਨ ਸਿੰਘ ਦਾ ਇਹ ਤੀਸਰਾ ਪ੍ਰਕਾਸ਼ਿਤ ਨਾਟਕ ਹੈ।ਸੰਜੀਵਨ ਦੀਆਂ ਹੁਣ ਤੱਕ “ਫਰੀਡਮ ਫਾਇਟਰ” (1998) ਅਤੇ “….ਬਲਖ਼ ਨਾ ਬੁਖਾਰੇ” (2002) ਦੋ ਨਾਟ-ਪੁਸਤਕਾਂ ਛੱਪ ਚੁਕੀਆਂ ਹਨ ਅਤੇ ਡੇਢ ਦਰਜਨ ਨਾਟਕ ਦੇਸ਼-ਵਿਦੇਸ਼ ਵਿਚ ਮੰਚਿਤ ਹੋ ਚੁਕੇ ਹਨ।“ਪੀ ਜੀ-ਦ ਪੇਇੰਗ ਗੈੱਸਟ” ਨਾ ਕੇਵਲ ਪੰਜਾਬ ਬਲਿਕ ਪੂਰੇ ਮੁਲਕ ਵਿਚ ਧੜਾ-ਧੜ ਖੁੱਲ/ਚੱਲ ਰਹੇ ਅਤੇ ਸ਼ਹਿਰਾਂ/ਕਸਬਿਆਂ ਦੀ ਦਿੱਖ ’ਤੇ ਮਾਰੂ ਅਸਰ ਪਾਅ ਰਹੇ ਪੀ ਜੀ, ਆਪਣੇ ਘਰੋਂ ਦੂਰ ਰਹਿ ਰਹੇ ਕੁੱਝ ਮੁੰਡੇ-ਕੁੜੀਆਂ ਦੀਆਂ ਆਪ-ਹੁਦਰੀਆਂ, ਨਸ਼ੇਬਾਜ਼ੀਆਂ ਅਤੇ ਨਾ ਬਰਦਾਸ਼ਤ ਯੋਗ ਹਰਕਤਾਂ ਦੀ ਬਾਤ ਪਾਉਂਦਾ ਹੈ ਅਤੇ ਇਸ ਗੱਲ ਦਾ ਵੀ ਫਿਕਰ ਕਰਦਾ ਹੈ।
ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕਰ ਰਹੇ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਇਹ ਨਾਟਕ ਨੌਜਵਾਨਾਂ ਨਾਲ ਜੁੜੇ ਪਲਾਇਨ ਦੇ ਮੌਜੂਦਾ ਸੰਕਟ ਦੀ ਬਾਤ ਪਾਉਂਦਾ ਹੈ।ਅਤੇ ਇਸ ਵਿਚ ਹੋਰ ਵਿਸਥਾਰ ਦੀਆ ਸੰਭਾਵਨਾਵਾਂ ਹਨ।ਸੰਵੇਦਨਸ਼ੀਲ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਸੰਜੀਵਨ ਦਾ ਨਾਟਕ “ਪੀ ਜੀ-ਦ ਪੇਇੰਗ ਗੈੱਸਟ” ਪੰਜਾਬ ਦੀ ਮੌਜੂਦਾ ਤ੍ਰਾਸਦੀ ਭਰੀ ਤਸਵੀਰ ਪੇਸ਼ ਕਰਦਾ ਹੈ।ਉਨਾਂ ਕਿਹਾ ਕਿ ਨਾਟਕ ਦੇ ਸਾਹਿਤਕ ਰੂਪ ਵਿਚ ਨਜ਼ਰ ਆਉਂਦੀਆਂ ਤਰੁੱਟੀਆਂ ਇਕ ਨਿਰਦੇਸ਼ਕ ਸਹਿਜਤਾ ਨਾਲ ਹੀ ਦੂਰ ਕਰ ਸਕਦਾ ਹੈ।
ਉੱਘੇ ਨਾਟ-ਕਰਮੀ ਡਾ.ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਸੰਜੀਵਨ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਨਾਟਕਕਾਰ ਹੈ ਜਿਸ ਦੀਆˆ ਜੜ੍ਹਾˆ ਇਪਟਾ ਵਿਚ ਹਨ। ਉਹ ਰੰਗਕਰਮ ਤੋਂ ਨਾਟਕਕਾਰੀ ਵੱਲ ਆਇਆ ਹੋਣ ਕਾਰਨ ਆਪਣੀਆˆ ਨਾਟ-ਲਿਖਤਾˆ ਨੂੰ ਰੰਗਮੰਚੀ ਪੇਸ਼ਕਾਰੀ ਅਨੁਸਾਰ ਵਿਉਂਤਦਾ ਹੈ।ਡਾ. ਕੁਲਦੀਪ ਸਿੰਘ ਦੀਪ ਨੇ ਨਾਟ-ਪੁਸਤਕ ਬਾਰੇ ਪਰਚਾ ਸਾਂਝਾ ਕਰਦੇ ਕਿਹਾ ਕਿ ਹਾਸ-ਵਿਅੰਗ ਦੇ ਸਫਰ ਵਿਚੋ ਲੱਗਦਾ ਅੰਤ ਵਿਚ ਮਾਤ-ਭੂਮੀ ਨੂੰ ਪਿਆਰ ਤੇ ਸਤਿਕਾਰ ਕਰਨ ਦਾ ਅਸਰਦਾਰ ਸੰਦੇਸ਼ ਛੱਡਦਾ ਹੈ।ਪਰ ਕਿਤੇ ਕਿਤੇ ਪਾਤਰਾਂ ਵਿਚ ਆਇਆ ਪ੍ਰੀਵਰਤਨ ਸਹਿਜ ਨਹੀਂ ਲੱਦਗਾ।ਸਵੈਰਾਜ ਸੰਧੂ ਦੇ ਗੀਤ ਨਾਟਕ ਦੇ ਪ੍ਰਭਾਵ ਨੂੰ ਤੀਖਣ ਕਰਦੇ ਹਨ।
ਨਾਟਕ ਬਾਰੇ ਆਪਣੀ ਰਾਏ ਦਿੰਦੇ ਡਾ. ਸਹਿਬ ਸਿੰਘ, ਇੰਦਰਜੀਤ ਰੂਪੋਵਾਲੀ, ਰਾਬਿੰਦਰ ਸਿੰਘ ਰੱਬੀ, ਸਵੈਰਾਜ ਸੰਧੂ,ਸਬਦੀਸ਼, ਨਰਿੰਦਰ ਨਸਰੀਨ ਨੇ ਕਿਹਾ ਨਾਟਕ ਦਾ ਕਨਵੈਸ ਵਿਸ਼ਾਲ ਅਤੇ ਬਹੁ-ਪਰਤੀ ਹੈ।ਕਿਤੇ ਕਿਤੇ ਨਾਟਕੀ ਤਣਾਵ ਦੀ ਘਾਟ ਅਤੇ ਨਾਟਕੀ ਗਤੀ ਵਿਚ ਰੁਕਾਵਟ ਖਟਕਦੀ ਹੈ।ਸਾਬਕਾ ਉਪ-ਮੁੱਖ ਮੰਤਰ ਸੁਖਬੀਰ ਸਿੰਘ ਬਾਦਲ ਦੇ ਰਾਜਸੀ ਸੱਕਤਰ ਚਰਨਜੀਤ ਸਿੰਘ ਬਰਾੜ ਨੇ ਕਲਮਕਾਰ ਕਲਮ ਰਾਹੀ ਸਮਾਜ ਦੀ ਤਬਦੀਲੀ ਦੀ ਤਾਕਤ ਰੱਖਦੇ ਹਨ।ਸੰਜੀਵਨ ਦਾ ਨਾਟਕ ਪੀ.ਜੀ-ਦ ਪੇਇੰਗ ਗੈੱਸਟ ਪੰਜਾਬ ਵਿਚ ਹਰ ਥਾਂ ਹੋਣਾਂ ਚਾਹੀਦਾ ਹੈ।
ਸੰਜੀਵਨ ਨੇ ਕਿਹਾ ਕਿ ਦਰਅਸਲ ਅਸੀਂ ਆਪਣੇ ਘਰ ਨੂੰ, ਆਪਣੇ ਪਿੰਡ ਨੂੰ, ਆਪਣੇ ਦੇਸ਼ ਨੂੰ ਹੀ ਪੀ.ਜੀ. ਸਮਝਣ ਲੱਗ ਗਏ ਹਾਂ।ਸਾਡਾ ਮਕਸਦ, ਸਾਡੀ ਇੱਛਾ, ਵਿਦੇਸ਼ ਵੱਸਣ ਦੀ ਹੈ।ਅਸੀਂ ਆਪਣੇ ਆਲ੍ਹਣਿਆਂ ਨੂੰ ਰਹਿਣ ਯੋਗ ਨਾ ਬਣਾ ਕੇ, ਰਹਿਣ ਯੋਗ ਆਲ੍ਹਣਿਆਂ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਾਂ।ਆਪਣੇ ਵਤਨ ਪ੍ਰਤੀ ਅਜਿਹੀ ਬੇਗ਼ਾਨਗੀ ਅਤੇ ਬੇਰੁੱਖ਼ੀ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਮਕਾਰ, ਕਲਾਕਾਰ, ਰੰਗਕਰਮੀ ਅਤੇ ਵਿਦਵਾਨ ਸਰਵਸ੍ਰੀ ਗੁਰਚਰਨ ਸਿੰਘ ਬੋਪਾਰਾਏ, ਸਵਰਣ ਸਿੰਘ ਸੰਧੂ, ਰਿਪੂਦਮਨ ਸਿੰਘ ਰੂਪ, ਸੈਵੀ ਰਾਇਤ, ਰਮਨ ਢਿੱਲੋਂ, ਗੁਰਦਸ਼ਰਨ ਮਾਵੀ, ਰਜਿੰਦਰ ਰੋਜ਼ੀ, ਹਰਦੇਵ ਚੌਹਾਨ, ਜੈ ਸਿੰਘ ਛਿੱਬਰ, ਜਰਨੈਲ ਹੁਸ਼ਿਆਰਪੁਰੀ, ਦਰਸ਼ਣ ਤਿਊਂਣਾ, ਸਾਧੂ ਸਿੰਘ ਲਾਲੀ, ਸਤਨਮਾ ਦਾਂਊਂ, ਇੰਦਰਜੀਤ ਮੋਗਾ ਆਦਿ ਸ਼ਮੂਲੀਅਤ ਕੀਤੀ। ਮੰਚ ਸੰਚਾਲਣ ਸਰਘੀ ਕਲਾ ਕੇਂਦਰ ਦੇ ਰੰਗਕਰਮੀ ਰੰਜੀਵਨ ਸਿੰਘ ਨੇ ਸੰਖੇਪ ਤੇ ਦਿਲਚਸਪ ਅੰਦਾਜ਼ ਵਿਚ ਕੀਤਾ।ਤੇ ਧੰਨਵਾਦ ਕੀਤਾ ਸੰਜੀਵ ਦੀਵਾਨ ਨੇ।





















