ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ. ਖ਼ਤਮ ਕਰੇ ਸਰਕਾਰ-ਭਾਈ ਲੌਂਗੋਵਾਲ
ਅੰਮ੍ਰਿਤਸਰ, 21 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਜੀ. ਐਸ. ਟੀ. ਵਿੱਚੋਂ ਸੂਬੇ ਦੇ ਹਿੱਸੇ ਦੀ ਛੋਟ ਦੇਣ ਦਾ ਐਲਾਨ ਸਵਾਗਤਯੋਗ ਹੈ ਅਤੇ ਇਸ ਦੇ ਨਾਲ ਸਰਕਾਰ ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ. ਨੂੰ ਵੀ ਖ਼ਤਮ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਰਾਹੀਂ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਜਦੋਂ ਤੋਂ ਗੁਰੂ ਘਰਾਂ ‘ਤੇ ਜੀ.ਐਸ.ਟੀ. ਲੱਗਿਆ ਹੈ, ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਤੋਂ ਹੀ ਇਸ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਆਪਣੇ ਹਿੱਸੇ ਦਾ ਜੀ.ਐਸ.ਟੀ. ਹਟਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ਲਿਖੇ ਪੱਤਰਾਂ ‘ਤੇ ਗੌਰ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ. ਹਟਾਉਣ ਦਾ ਫੈਸਲਾ ਲਿਆ ਹੈ। ਭਾਈ ਲੌਂਗੋਵਾਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਅਜੇ ਅਧੂਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕੱਲਾ ਸ੍ਰੀ ਦਰਬਾਰ ਸਾਹਿਬ ਤੋਂ ਹੀ ਨਹੀਂ ਸਗੋਂ ਸਾਰੇ ਗੁਰੂ ਘਰਾਂ ਤੋਂ ਸਰਕਾਰ ਨੂੰ ਜੀ.ਐਸ.ਟੀ ਮੁਆਫ ਕਰਨਾ ਚਾਹੀਦਾ ਹੈ, ਕਿਉਂਕਿ ਹਰ ਗੁਰੂ ਘਰ ਵਿਚ ਹੀ ਸੰਗਤਾਂ ਲਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਲੰਘੇ ਅਰਸੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਖ਼ਰੀਦ ਕੀਤੀਆਂ ਵਸਤਾਂ ‘ਤੇ ਲਗਾਏ ਗਏ ਜੀ.ਐਸ.ਟੀ. ਦੀ ਰਕਮ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਵਾਪਸ ਕਰੇ, ਤਾਂ ਜੋ ਸੰਗਤਾਂ ਦਾ ਇਹ ਪੈਸਾ ਲੋਕ ਸੇਵਾਵਾਂ ਲਈ ਵਰਤਿਆ ਜਾ ਸਕੇ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਵੀ ਗੁਰਦੁਆਰਾ ਸਾਹਿਬਾਨ ਤੋਂ ਜੀ.ਐਸ.ਟੀ ਤਰੰਤ ਖਤਮ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਜੀ.ਐਸ.ਟੀ ਹਟਾਉਣ ਦੀ ਕਰਦੀ ਰਹੀ ਹੈ ਮੰਗ:
ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਖਰੀਦੀਆਂ ਜਾਣ ਵਾਲੀਆਂ ਵਸਤਾਂ ‘ਤੇ ਲੱਗ ਰਹੇ ਜੀ.ਐਸ.ਟੀ. ਟੈਕਸ ਨੂੰ ਹਟਾਉਣ ਲਈ ਸਰਕਾਰਾਂ ਨਾਲ ਲਗਾਤਾਰ ਚਿੱਠੀ ਪੱਤਰ ਰਾਹੀਂ ਰਾਬਤਾ ਕੀਤਾ ਜਾ ਰਿਹਾ ਸੀ। ਇਸੇ ਸਬੰਧ ਜੀ.ਐਸ.ਟੀ. ਕੌਂਸਲ, ਭਾਰਤ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸੰਸਦ ਮੈਂਬਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਗੁਰੂ ਘਰਾਂ ਦੀਆਂ ਰਸਦਾਂ ‘ਤੇ ਲੱਗ ਰਹੇ ਜੀ.ਐਸ.ਟੀ. ਹਟਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਿੱਠੀ ਪੱਤਰੀ ਵਿਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਸਮੁੱਚੀ ਮਾਨਵਤਾ ਦੀ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸਾਹਿਬਾਨ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਰੋਜ਼ਾਨਾਂ ਲੱਖਾਂ ਦੀ ਤਦਾਦ ਵਿਚ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਘਰਾਂ ਵਿਖੇ ਲੋਡ਼ ਅਨੁਸਾਰ ਬਜ਼ਾਰ ਵਿੱਚੋਂ ਰਸਦਾਂ ਖ਼ਰੀਦ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੰਗਰਾਂ ਦਾ ਪ੍ਰਬੰਧ ਨਿਰਵਿਘਨਤਾ ਸਹਿਤ ਚੱਲਦਾ ਰਹੇ। ਪੰਜਾਬ ਸਰਕਾਰ ਨੇ ੨੦੦੮ ਵਿਚ ਸੰਗਤਾਂ ਦੀ ਮੰਗ ਅਤੇ ਗੁਰੂ ਘਰ ਪ੍ਰਤੀ ਸਤਿਕਾਰ ਦੀ ਭਾਵਨਾ ਤਹਿਤ ਟੈਕਸ ਖ਼ਤਮ ਕਰ ਦਿੱਤਾ ਸੀ। ਪਰ ਜੀ.ਐਸ.ਟੀ. ਨਾਲ ਗੁਰੂ ਘਰਾਂ ਤੇ ਸਾਲਾਨਾ ੧੦ ਕਰੋਡ਼ ਤੋਂ ਵੀ ਜਿਆਦਾ ਦਾ ਵਾਧੂ ਬੋਝ ਪੈਣਾ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਆਮਦਨ ਦਾ ਮੁੱਖ ਸਾਧਨ ਨਤਮਸਤਕ ਹੋਣ ਆਈ ਸੰਗਤ ਦੁਆਰਾ ਸ਼ਰਧਾ ਸਤਿਕਾਰ ਵਿਚ ਭੇਟ ਕੀਤੀ ਗਈ ਮਾਇਆ ਹੁੰਦੀ ਹੈ, ਜੋ ਕਿ ਸੰਸਥਾ ਵੱਲੋਂ ਗੁਰਦੁਆਰਾ ਐਕਟ ਦੇ ਨਿਯਮਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਲੰਗਰ, ਗਰੀਬ ਅਤੇ ਪੀਡ਼ਤ ਪਰਿਵਾਰਾਂ ਦੀ ਮਾਲੀ ਮਦਦ, ਕੈਂਸਰ ਮਰੀਜ਼ਾਂ ਦੇ ਇਲਾਜ਼ ਲਈ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ, ਵਿਦਿਆ, ਖੇਡਾਂ ਤੇ ਧਰਮ ਦੇ ਪ੍ਰਚਾਰ-ਪਸਾਰ ਅਤੇ ਹੋਰ ਸਮਾਜ ਭਲਾਈ ਕੰਮਾਂ ਵਿਚ ਵਰਤੀ ਜਾਂਦੀ ਹੈ।