ਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਫੋਟੋਗ੍ਰਾਫੀ, ਲੇਖ, ਲੱਘੂ ਫ਼ਿਲਮ ਤੇ ਪੋਸਟਰ ਮੁਕਾਬਲਿਆਂ ‘ਚ ਮਾਰੀਆਂ ਮੱਲਾਂ
ਰਾਜਪੁਰਾ, 2 ਸਤੰਬਰ (ਵਿਸ਼ਵ ਵਾਰਤਾ) ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ (ਨੈਕ B+) ਕਾਲਜ ਵਿਖੇ ਮੀਡੀਆ ਵਿਭਾਗ ਵੱਲੋਂ ਕਾਲਜ ਪ੍ਰਬੰਧਕੀ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿੱਤ ਸਕੱਤਰ ਸ੍ਰੀ ਰਾਜ ਕੁਮਾਰ ਟਾਟਾ ਦੀ ਮਜੂਦਗੀ ‘ਚ ਡੀਨ ਪ੍ਰੋ. ਬਲਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ੇਸ ਲੈਕਚਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਪ੍ਰੋ. ਰਾਜੀਵ ਬਾਹੀਆ ਨੇ ਕੀਤੀ ਅਤੇ ਮੁੱਖ ਵਕਤਾ ਵਜੋਂ ਡਾ. ਸੁਰੇਸ਼ ਨਾਇਕ ਡੀਨ ਅਕਾਦਮਿਕ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਮੁੱਖ ਵਕਤਾ ਡਾ. ਸੁਰੇਸ਼ ਨਾਇਕ ਨੇ ਪ੍ਰਿੰਟ ਮੀਡੀਆ , ਟੀ.ਵੀ. ਅਤੇ ਰੇਡੀਓ ਮੀਡੀਆ ਵਿਚ ਕਰੀਅਰ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਗਏ ਮਾਰਗ ‘ਤੇ ਚੱਲਣ ਅਤੇ “ਸੰਵਾਦ” ਨਾਲ ਸਾਂਝ ਪਾਉਂਦੇ ਹੋਏ ਸਮਾਜ ਲਈ ਕੁੱਝ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਰਮਨਦੀਪ ਸਿੰਘ ਸੋਢੀ ਕੈਮਿਸਟਰੀ ਵਿਭਾਗ, ਪ੍ਰੋ. ਤ੍ਰਿਸ਼ਰਨਦੀਪ ਸਿੰਘ ਗਰੇਵਾਲ ਫਿਜ਼ੀਕਲ ਵਿਭਾਗ, ਡਾ. ਗੀਤੂ ਗੁਡਵਾਨੀ ਇੰਗਲਿਸ਼ ਵਿਭਾਗ ਅਤੇ ਪ੍ਰੋ. ਦੀਪਿਕਾ ਕਥੂਰੀਆ ਮੈਥ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਮੀਡੀਆ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਫੋਟੋਗ੍ਰਾਫੀ, ਲਘੂ ਫ਼ਿਲਮ, ਪੋਸਟਰ, ਲੇਖ ਆਦਿ ਮੁਕਾਬਲਿਆਂ ਵਿਚ ਵੱਧ ਚਡ਼੍ਹ ਕੇ ਭਾਗ ਲਿਆ ਗਿਆ। ਜਿਨ੍ਹਾਂ ਵਿਚੋਂ ਫੋਟੋਗ੍ਰਾਫ਼ੀ ਮੁਕਾਬਲਿਆਂ ਵਿਚ ਬੀ ਏ ਜੇ ਐੱਮ ਸੀ ਭਾਗ ਪਹਿਲਾ ਦੇ ਅਰਵਿੰਦਰ ਸਿੰਘ ਤੇ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਜਿੱਤਿਆ, ਮਨਵੀਰ ਕੌਰ ਤੇ ਹਰਵਿੰਦਰ ਕੌਰ ਨੇ ਦੂਜਾ ਸਥਾਨ ਅਤੇ ਮੋਹਿਤ ਜਿੰਦਲ ਤੇ ਸ਼ਹਿਨਾਜ਼ ਨੇ ਤੀਜਾ ਸਥਾਨ ਹਾਸਲ ਕੀਤਾ। ਜੈਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਨਮਾਨਤ ਕਰਨ ਸਮੇਂ ਪ੍ਰਿੰਸੀਪਲ ਪ੍ਰੋ. ਰਾਜੀਵ ਬਾਹੀਆ ਨੇ ਮੀਡੀਆ ਦੇ ਮਹੱਤਵ ਅਤੇ ਸੰਚਾਰ ਗਤੀਸ਼ੀਲਤਾ ਨਾਲ ਤਰੱਕੀਆਂ ਹਾਸਲ ਕਰਨ ਦਾ ਮੂਲ ਮੰਤਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਪ੍ਰਿੰਸੀਪਲ ਪ੍ਰੋ. ਬਾਹੀਆ ਨੇ ਕਾਲਜ ਦੇ ਭਵਿੱਖ ਵਿਚ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਨਾਲ ਨਵੇਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਅਕਾਦਮਿਕ ਪੱਧਰ ਦੇ ਨਾਲ ਨਾਲ ਸੱਭਿਆਚਾਰਕ, ਖੇਡਾਂ ਆਦਿ ਚ ਨਾਮਣਾ ਖੱਟਣਾ ਚਾਹੁੰਦੇ ਹਨ ਉਨ੍ਹਾਂ ਨੂੰ ਕਾਲਜ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਏਗਾ। ਸੈਮੀਨਾਰ ਦੇ ਪ੍ਰਬੰਧਕ ਪ੍ਰੋ. ਬਲਜਿੰਦਰ ਸਿੰਘ ਗਿੱਲ, ਪ੍ਰੋ. ਰਮਨਦੀਪ ਸਿੰਘ ਸੋਢੀ ਵੱਲੋਂ ਵੀ ਸਮੁੱਚੀ ਮਾਨਵਤਾ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਮੌਕੇ ‘ਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਸਮਾਗਮ ‘ਚ ਡਾ. ਹੀਨਾ ਗੁਪਤਾ, ਡਾ. ਰਸ਼ਮੀ ਬੱਤਾ, ਪ੍ਰੋ. ਮਿੰਕੀ ਓਬਰਾਏ, ਪ੍ਰੋ. ਦਲਜੀਤ ਸਿੰਘ ਤੇ ਮਨਦੀਪ ਸਿੰਘ ਨੇ ਵੀ ਯੋਗਦਾਨ ਪਾਇਆ । ਅੰਤ ‘ਚ ਫੋਟੋਗ੍ਰਾਫੀ ਤੇ ਪੋਸਟਰ ਮੇਕਿੰਗ ਮੁਕਾਬਲੇ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ। ਜਦੋਂ ਕਿ ਮੀਡੀਆ ਦੀ ਕਾਰਜ ਪ੍ਰਣਾਲੀ ਉੱਤੇ ਲੱਘੂ ਫ਼ਿਲਮ ਬਣਾਉਣ ਵਾਲੇ ਵਿਦਿਆਰਥੀ ਲਵਜੋਤ ਸਿੰਘ ਤੇ ਕ੍ਰਿਸ ਬੀ ਕਾਮ ਭਾਗ ਤੀਜਾ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।