ਅੰਮ੍ਰਿਤਸਰ, 13 ਨਵੰਬਰ (ਵਿਸ਼ਵ ਵਾਰਤਾ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਦਾ ਸ਼ੁਕਰਾਨਾ ਦਿਵਸ ਅਤੇ 351ਵਾਂ ਪ੍ਰਕਾਸ਼ ਪੁਰਬ ਬਹੁਤ ਵੱਡੇ ਪੱਧਰ ਤੇ ਸੰਗਤਾਂ ਵੱਲੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ| ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ਸੱਤਵੀਂ 25 ਦਸੰਬਰ ਨੂੰ ਹੀ ਮਨਾਇਆ ਜਾਵੇ|
ਇਸ ਮੌਕੇ ਵਿਦੇਸ਼ਾਂ ਵਿਚ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਮਿਲੀ ਪ੍ਰਵਾਨਗੀ ਪੁਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਥੋਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੂਸਰੇ ਦੇਸ਼ਾਂ ਵਿਚ ਵੀ ਆਪਣੀਆਂ ਕੌਮਾਂਤਰੀ ਉਡਾਣਾਂ ਵਿਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ|
ਇਸ ਤੋਂ ਇਲਾਵਾ ਇਸ ਮੌਕੇ ਕਿਹਾ ਗਿਆ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ, ਇਸ ਦਾ ਵਿਲੱਖਣ ਇਤਿਹਾਸ ਹੈ, ਪ੍ਰੰਤੂ ਕੁਝ ਲੇਖਕਾਂ ਵਲੋਂ ਬਿਨਾਂ ਖੋਜੇ-ਵਿਚਾਰੇ ਕੁਝ ਅਜਿਹੇ ਸ਼ਬਦ ਇਸ ਵਿਚ ਪਾਏ ਗਏ ਹਨ, ਜੋ ਕਿ ਗੁਰਮਤਿ ਦੀ ਕਸਵੱਟੀ ਉਤੇ ਪੂਰੇ ਨਹੀਂ ਉਤਰਦੇ| ਇਸ ਸਬੰਧ ਵਿਚ ਪੰਜ ਸਿੰਘ ਸਾਹਿਬ ਵੱਲੋਂ ਮਿਤੀ 4 ਅਪ੍ਰੈਲ 2017 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾ ਕੇ ਇਤਿਹਾਸ ਨੂੰ ਸੋਧ ਕੇ ਜੋ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਤਾ ਹੋਵੇ, ਉਹ ਇਤਿਹਾਸ ਛਪਵਾ ਕੇ ਸੰਗਤਾਂ ਨੂੰ ਮੁਹੱਈਆ ਕਰਵਾਏ| ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਸਮੂਹ ਕਥਾ-ਵਾਚਕਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਓਨੀ ਦੇਰ ਸਟੇਜ ਉਪਰ ਕੋਈ ਵੀ ਅਜਿਹੀ ਗੱਲ ਨਾ ਕੀਤੀ ਜਾਵੇ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ ਅਤੇ ਗੁਰਇਤਿਹਾਸ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਸ਼ਬਦਾਂ ਨੂੰ ਤੋੜ-ਮਰੋੜ ਕੇ ਕੋਈ ਵੀ ਗੱਲ ਨਾ ਕੀਤੀ ਜਾਵ ਪ੍ਰੰਤੂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਗੁਰ-ਇਤਿਹਾਸ ਸਬੰਧ ਸਟੇਜਾਂ ਉਪਰ ਜੋ ਪ੍ਰਚਾਰ ਕੀਤਾ ਗਿਆ, ਉਸ ਉਪਰ ਸੰਗਤਾਂ ਨੇ ਕਾਫੀ ਇਤਰਾਜ ਕੀਤਾ ਹੈ, ਜਿਸ ਕਰਕੇ ਉਸ ਵਲੋਂ ਆਪ ਹੀ ਆਪਣਾ ਬਣਾਇਆ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਪਰ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਸੰਗਤਾਂ ਨੂੰ ਬਾਣੀ/ਬਾਣੇ ਨਾਲ ਜੋੜਨ ਲਈ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ| ਇਸ ਲਈ ਜਿਨ੍ਹਾਂ ਵਿਸ਼ਿਆਂ ਉਪਰ ਸੰਗਤਾਂ ਨੂੰ ਇਤਰਾਜ ਹੈ, ਉਹ ਸੀਡੀਆਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਤਾਂ ਕਿ ਉਨ੍ਹਾਂ ਦੀ ਪੜਤਾਲ ਸਬ ਕਮੇਟੀ ਵੱਲੋਂ ਕੀਤੀ ਜਾਵੇ| ਰਣਜੀਤ ਸਿੰਘ ਵੱਲੋਂ ਆਪਣੇ ਪ੍ਰੋਗਰਾਮਾਂ ਵਿਚ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਅ ਜਾਵੇ, ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ| ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਪਾਈ ਗਈ ਤਾਂ ਉਸ ਵਿਰੁਧ ਪੰਥਕ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ|
ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਨੂੰ ‘ਸ਼੍ਰੋਮਣੀ ਸੇਵਾ ਰਤਨ’ ਅਤੇ ਭਾਈ ਜਸਵੰਤ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ‘ਸ਼੍ਰੋਮਣੀ ਰਾਗੀ’ ਦੀ ਉਪਾਧੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ 29 ਨਵੰਬਰ 2017 ਨੂੰ ਸਨਮਾਨਿਤ ਕੀਤਾ ਜਾਵੇਗਾ|
HUKAMNAMA : 🙏🌹 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
HUKAMNAMA : 🙏🌹 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏 AMRIT VELE DA HUKAMNAMA SRI DARBAR SAHIB, SRI...