
ਚੰਡੀਗੜ੍ਹ 2 ਜੂਨ ( ਵਿਸ਼ਵ ਵਾਰਤਾ)-ਜਿਥੇ ਆਮ ਤੌਰ ’ਤੇ ਦੁਨੀਆਂ ਖਾਸ ਤੌਰ ’ਤੇ ਸਾਡੇ ਮੁਲਕ ਦਾ ਮਿਹਨਤਕਸ਼ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਉਥੇ ਹੀ ਸਮਾਜ ਦਾ ਰਾਹ ਦਸੇਰੇ ਰੰਗਕਰਮੀ ਤੇ ਕਲਾਕਾਰ ਵੀ ਰੋਜ਼ਾਨਾ ਦੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਆਤੁਰ ਹੈ। ਸਰਕਾਰਾਂ ਦੀ ਆਪਣੇ ਲੋਕਾਂ ਪ੍ਰਤੀ ਜ਼ੁੰਮੇਵਾਰੀ ਦੇ ਨਾਲ ਨਾਲ ਕਲਾ ਅਤੇ ਕਲਮ ਰਾਂਹੀਂ ਲੋਕਾਈ ਦੇ ਦੁੱਖਾਂ-ਦਰਦਾਂ ਤੇ ਔਕੜਾਂ ਦੀ ਅਵਾਜ਼ ਬਣਦੇ ਕਲਾਕਰਾਂ ਤੇ ਰੰਗਕਰਮੀਆ ਪ੍ਰਤੀ ਵੀ ਕੁੱਝ ਫਰਜ਼ ਹੈ।ਸਰਘੀ ਕਲਾ ਕੇਂਦਰ ਦੇ ਰੰਗਕਰਮੀਆਂ ਰੰਜੀਵਨ ਸਿੰਘ ਤੇ ਸੰਜੀਵ ਦੀਵਾਨ, ਲਖਵਿੰਦਰ ਸਿੰਘ ਸਮੇਤ ਰਿਤੂਰਾਗ ਕੌਰ, ਰਿਸ਼ਮਰਾਗ ਸਿੰਘ ਅਤੇ ਓਦੈ ਰਾਗ ਸਿੰਘ ਨੇ ਰੰਗਕਰਮੀ ਤੇ ਕਲਾਕਾਰ ਵੱਲੋਂ ਸਰਕਾਰਾਂ ਨੂੰ ਅਗਾਹ ਕਰਨ ਲਈ ਅੱਜ “ਸੁੰਨੇ ਸਾਜ਼, ਸੁਣੇ ਸਰਕਾਰ” ਅਧੀਨ ਇਹ ਵਿਚਾਰ ਰੱਖੇ।
ਸਰਘੀ ਕਲਾ ਕੇਂਦਰ ਦੇ ਪ੍ਰਧਾਨ, ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਇਸ ਮੌਕੇ ਕਿਹਾ ਕਿ ਕੋਈ ਵੀ ਸਰਕਾਰ ਲੋਕ-ਹਿਤੈਸ਼ੀ ਤੇ ਸਿਹਤਮੰਦ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਕਲਾਕਾਰਾਂ ਦੇ ਹਿੱਤਾਂ ਵੱਲ ਕਦੇ ਵੀ ਗੰਭੀਰ ਨਹੀਂ ਹੋਈ। ਜੇ ਛਤੀਸਗੜ ਵਰਗੇ ਸੂਬੇ ਵਿਚ ਸਰਕਾਰ 200/= ਰੁਪਏ ਦੀ ਨਿਗੁਣੀ ਰਾਸ਼ੀ ਦੇ ਵੀ ਰਹੀ ਹੈ ਤਾਂ ਉਹ ਵੀ ਰੰਗਕਰਮੀ ਤੇ ਕਲਾਕਾਰ ਨਾਲ ਕੋਝੇ ਮਜ਼ਾਕ ਤੋਂ ਵੱਧ ਕੁੱਝ ਵੀ ਨਹੀਂ ਹੈ।ਉਨਾਂ ਅੱਗੇ ਕਿਹਾ ਸੁੰਨੇ ਸਾਜ਼ ਸਮਾਜ ਲਈ ਕਦੇ ਵੀ ਸਾਜ਼ਗਾਰ ਨਹੀ ਹੋ ਸਕਦੇ।ਸਰਘੀ ਕਲਾ ਕੇਂਦਰ ਨੇ ਮੰਗ ਕੀਤੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਰੰਗਕਰਮੀਆਂ ਤੇ ਕਲਾਕਾਰਾਂ ਨੂੰ ਸੁਖਾਵਾਂ ਵਿੱਤੀ ਮਾਹੌਲ ਪ੍ਰਦਾਨ ਕਰੇ।





















