ਚੰਡੀਗੜ, 24 ਸਤੰਬਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ’ਤੇ ਚੱਲਣ ਵਾਲੇ ਲੜੀਵਾਰ ਸਮਾਗਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਕਪੂਰਥਲਾ ਦੇ ਹਸਪਤਾਲਾਂ ਦਾ ਆਧੁਨਿਕਣ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ’ਤੇ ਚੱਲਣ ਵਾਲੇ ਸਮਾਗਮ ਵਿਚ ਪੂਰੇ ਵਿਸ਼ਵ ਤੋਂ ਲੱਖਾਂ-ਕਰੋੜਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਕਪੂਰਥਲਾ ਦੇ ਹਸਪਤਾਲਾਂ ਵਿਖੇ ਸੰਗਤਾਂ ਨੂੰ ਹਰ ਤਰਾਂ ਦੀਆਂ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਭਗ 30 ਕਰੋੜ ਦੀ ਲਾਗਤ ਨਾਲ ਹਸਪਤਾਲਾਂ ਦਾ ਆਧੁਨਿਕਰਨ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਮਾਗਮ ਨਾਲ ਸਬੰਧਤ ਸਾਰੇ ਸਰਕਾਰੀ ਹਸਪਤਾਲਾਂ ਵਿੱੱਚ ਵੱੱਖ ਵੱੱਖ ਤਰਾਂ ਦੇ ਇਕਊਪਮੈਂਟ ਜਿਵੇਂ ਕਿ ਵੈਂਟੀਲੇਟਰ, ਆਈ.ਸੀ.ਯੂ., ਐਕਸ-ਰੇ ਮਸ਼ੀਨਾਂ, ਈ.ਸੀ.ਜੀ, ਅਲਟਰਾਸਾਊਂਡ ਮਸ਼ੀਨਾਂ ਅਤੇ ਰੇਡੀਊਗਰਾਫੀ ਮਸ਼ੀਨਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਤੁਰੰਤ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣ ਲਈ 12 ਅਡਵਾਂਸ ਲਾਈਫ ਸੂਪੋਰਟ ਐਂਬੂਲੈਂਸਾਂ ਵੀ ਮੁਹੱਈਆ ਕਰਵਾਈਆ ਜਾਣਗੀਆਂ।
ਸ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਇਨਾਂ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਦਾ ਪੁਨਰ-ਨਿਰਮਾਣ ਤੇ ਸੰੁਦਰੀਕਰਨ ਵੀ ਕੀਤਾ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਅਤੇ ਜਿਲਾ ਕਪੂਰਥਲਾ ਦੇ ਹਸਪਤਾਲਾਂ ਵਿਖੇ ਆਈ.ਸੀ.ਯੂ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਸਮਾਗਮਾਂ ਨਾਲ ਸਬੰਧਤ ਹਰ ਇਲਾਕੇ ਵਿਚ ਸ਼ਰਧਾਲੂਆਂ ਨੂੰ ਯਕੀਨੀ ਤੌਰ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋਂ ਮਾਈਕਰੋਪਲਾਨ ਬਣਾਇਆ ਗਿਆ ਹੈ ਜਿਸ ਤਹਿਤ ਰੂਪ-ਰੇਖਾ ਤਿਆਰ ਕਰਕੇ ਵਿਸ਼ੇਸ਼ ਮੋਬਾਇਲ ਟੀਮਾਂ ਦੀ ਤੈਨਾਤੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਨਾਂ ਟੀਮਾਂ ਵਿਚ ਇਕ ਮੈਡੀਕਲ ਅਫਸਰ, ਫਾਰਮਸਿਸਟ, ਨਰਸ ਆਦਿ ਮੱੁਖ ਤੌਰ ਸ਼ਾਮਲ ਕੀਤੇ ਜਾਣਗੇ ਅਤੇ ਲੋੜ ਅਨੁਸਾਰ ਹਸਪਤਾਲ ਵਿਖੇ ਬਣਾਏ ਗਏ ਕੰਟਰੋਲ ਰੂਮ ਨੂੰ ਰਿਪੋਰਟਿੰਗ ਕਰਨਗੇ। ਉਨਾਂ ਦੱਸਿਆ ਕਿ ਹਸਪਤਾਲਾਂ ਵਿਚ ਵੱਡੇ ਪੱਧਰ ’ਤੇ ਮੈਡੀਕਲ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਓ.ਪੀ.ਡੀ. ਤੇ ਆਈ.ਪੀ.ਡੀ. ਸੇਵਾਵਾਂ ਲੈਣ ਲਈ ਮਰੀਜਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਅੱਗੇ ਦੱਸਿਆ ਕਿ ਇਨਾਂ ਹਸਪਤਾਲਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਣੀ ਰੋਜ਼ਾਨਾ ਕੀਤੀ ਜਾ ਰਹੀ ਹੈ ਅਤੇ ਅਕਤੂਬਰ ਦੇ ਦੂਜੇ ਹਫਤੇ ਤੱਕ ਸਾਰੇ ਹਸਪਤਾਲਾਂ ਦਾ ਕੰਮ ਮਕੁੰਮਲ ਕਰ ਲਿਆ ਜਾਵੇਗਾ।