ਸੁਮੇਧ ਸੈਣੀ ਜਿਹੜੇ ਵਿਜੀਲੈਂਸ ਦਾ ਮੁਖੀ ਰਿਹਾ ਉਸਦੀ ਬੈਰਕ ਵਿੱਚ ਹੀ ਗੁਜ਼ਾਰੀ ਰਾਤ
ਅੱਜ ਕੀਤਾ ਜਾਵੇਗਾ ਕੋਰਟ ਵਿੱਚ ਪੇਸ਼, ਪੁਲਿਸ ਵੱਲੋਂ ਰਿਮਾਂਡ ਦੀ ਮੰਗ
ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ
ਚੰਡੀਗੜ੍ਹ,19 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੱਲ੍ਹ ਰਾਤ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਚੰਡੀਗੜ੍ਹ ਸਥਿਤ ਕੋਠੀ ਦੀ ਖਰੀਦ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਸੈਣੀ ਨੇ ਵਿਜੀਲੈਂਸ ਦਫਤਰ ਦੀ ਬੈਰਕ ਵਿੱਚ ਰਾਤ ਗੁਜਾਰੀ ਹੈ। ਇਸ ਦੌਰਾਨ ਉਸਨੇ ਕਿਸੇ ਵੀ ਅਫਸਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਰੋਟੀ ਖਾਧੀ।
ਦੱਸ ਦਈਏ ਕਿ ਸੁਮੇਧ ਸੈਣੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਉਸ ਉੱਤੇ ਇੱਕ ਆਈਐੱਸ ਦੇ ਬੇਟੇ ਬਲਵੰਤ ਮੁਲਤਾਨੀ ਨੂੰ ਕਿਡਨੈਪ ਕਰਕੇ ਕਤਲ ਕਰਨ ਦਾ ਵੀ ਇਲਜ਼ਾਮ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਕਾਂਸਟੇਬਲ ਭਰਤੀ ਵਿੱਚ ਘੋਟਾਲਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨ ਦੌਰਾਨ ਕੋਟਕਪੂਰਾ ਗੋਲੀਕਾਂਡ ਵਿੱਚ ਵੀ ਉਸ ਉੱਤੇ ਮਾਮਲੇ ਦਰਜ ਹਨ ਅਤੇ ਇਹਨਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਪੰਜਾਬ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਸੈਣੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਸੈਣੀ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੇ ਹੱਥੋਂ ਬਚ ਕੇ ਨਿਕਲ ਜਾਂਦਾ ਸੀ। ਪਰ ਅਦਾਲਤ ਨੇ ਉਸਨੂੰ ਪੁਲਿਸ ਕੋਲ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਹੁਕਮ ਜਾਰੀ ਕੀਤਾ ਹੋਇਆ ਸੀ,ਜਿਸ ਤੋਂ ਬਾਅਦ ਉਹ ਕੱਲ੍ਹ ਰਾਤ ਉਹ ਆਪਣੀ ਲੀਗਲ ਟੀਮ ਨਾਲ ਵਿਜੀਲੈਂਸ ਦਫਤਰ ਵਿਖੇ ਆਇਆ ਸੀ,ਜਿੱਥੇ ਵਿਜੀਲੈਂਸ ਨੇ ਉਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਦੱਸ ਦਈਏ ਕਿ ਪੁਲਿਸ ਅੱਜ ਦੁਪਹਿਰ ਕਰੀਬ ਡੇਢ ਵਜੇ ਮੋਹਾਲੀ ਕੋਰਟ ਵਿੱਚ ਪੇਸ਼ ਕਰੇਗੀ ਅਤੇ ਪੁਲਿਸ ਵੱਲੋਂ 7ਤੋਂ 8 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੇ ਜਾਣ ਦੀ ਖਬਰ ਹੈ। ਇਸਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।