– ਸੰਸਦ ਭਵਨ ਦੇ ਬਾਹਰ ਕਾਂਗਰਸੀ ਸਾਂਸਦਾਂ ਨੇ ਪ੍ਰਦਰਸ਼ਨ ਕਰ ਮੰਗੀ ਸੀ ਇਰਾਕ ਪੀੜਤਾਂ ਲਈ ਮਦਦ
– ਪ੍ਰਧਾਨ ਮੰਤਰੀ ਮੰਗਣ ਦੇਸ਼ ਦੀ ਜਨਤਾ ਤੋਂ ਮੁਆਫੀ-ਸੁਨੀਲ ਜਾਖੜ
ਚੰਡੀਗੜ੍ਹ 03 ਅਪਰੈਲ (ਵਿਸ਼ਵ ਵਾਰਤਾ) – ਪੰਜਾਬ ਦੇ ਸਾਂਸਦਾਂ ਵੱਲੋਂ ਅੱਜ ਸਵੇਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਇਰਾਕ ਪੀੜਤਾਂ ਨੂੰ ਮਾਲੀ ਮਦਦ ਦੇਣ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਕੀਤੇ ਰੋਸ਼ ਵਿਖਾਵੇ ਤੋਂ ਬਾਅਦ ਆਖਿਰ ਕੇਂਦਰ ਸਰਕਾਰ ਝੁਕ ਗਈ ਅਤੇ ਪ੍ਰਧਾਨ ਮੰਤਰੀ ਨੂੰ ਪੀੜਤ ਪਰਿਵਾਰਾਂ ਲਈ ਮਾਲੀ ਮਦਦ ਕਰਨ ਦਾ ਐਲਾਨ ਕਰਨਾ ਪਿਆ।
ਇਸ ਮੌਕੇ ਸਾਂਸਦ ਸ੍ਰੀ ਸੰਤੋਖ ਚੌਧਰੀ ਅਤੇ ਸ. ਰਵਨੀਤ ਸਿੰਘ ਬਿਟੂ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।
ਸੰਸਦ ਭਵਨ ਦੇ ਬਾਹਰ ਰੋਸ਼ ਵਿਖਾਵੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਸੰਸਦ ਦੀ ਵਿਵਸਥਾ ਸਵਿਧਾਨ ਵਿੱਚ ਇਸੇ ਲਈ ਕੀਤੀ ਗਈ ਸੀ ਕਿ ਇਥੇ ਦੇਸ਼ ਦੀਆਂ ਮੁਸ਼ਕਲਾਂ ‘ਤੇ ਵਿਚਾਰ ਕਰਕੇ ਆਪਸੀ ਚਰਚਾ ਨਾਲ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਪਰ ਮੋਦੀ ਸਰਕਾਰ ਨੇ ਸੰਸਦ ਨੂੰ ਠੱਪ ਕਰਕੇ ਇਸ ਨੂੰ ਹਾਈਡ ਪਾਰਕ ਬਣਾ ਕੇ ਰੱਖ ਦਿੱਤਾ ਹੈ ਇਥੇ ਕੋਈ ਆ ਕੇ ਰੋਸ਼ ਵਿਖਾਵਾ ਤਾਂ ਕਰ ਸਕਦਾ ਹੈ ਪਰ ਇਥੇ ਕੋਈ ਸਾਰਥਿਕ ਚਰਚਾ ਨਹੀਂ ਹੋ ਰਹੀ। ਸ੍ਰੀ ਜਾਖੜ ਨੇ ਆਖਿਆ ਕਿ ਇਸੇ ਹੀ ਮਜ਼ਬੂਰੀ ਕਾਰਨ ਉਨ੍ਹਾਂ ਨੂੰ ਇਰਾਕ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਦੀ ਪੀੜਾ ਕੇਂਦਰ ਸਰਕਾਰ ਦੇ ਬਹਿਰੇ ਕੰਨਾਂ ਤੱਕ ਪਹੁੰਚਾਉਣ ਲਈ ਰੋਸ ਵਿਖਾਵਾ ਕਰਨਾ ਪਿਆ।
ਸ੍ਰੀ ਜਾਖੜ ਨੇ ਆਖਿਆ ਕਿ ਇਰਾਕ ਵਿੱਚ ਮਾਰੇ ਗਏ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸਨ । ਇਸ ਲਈ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਕੇਂਦਰ ਸਰਕਾਰ ਦਾ ਫਰਜ਼ ਬਣਦਾ ਸੀ। ਸ੍ਰੀ ਜਾਖੜ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਪੀੜਾ ਵਿੱਚ ਸ਼ਾਮਿਲ ਹੁੰਦਿਆਂ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਅਤੇ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਉਹ ਇਨ੍ਹਾਂ ਪੀੜਤਾਂ ਦੀ ਮਦਦ ਲਈ ਅੱਗੇ ਆਉਂਦੀ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਗਰੀਬ ਮਜ਼ਦੂਰਾਂ ਨੂੰ ਰੋਜ਼ੀ-ਰੋਟੀ ਲਈ ਅਜਿਹੀ ਮੁਲਕਾਂ ਵਿੱਚ ਜਾਣਾ ਪੈ ਰਿਹਾ ਹੈ ਜਿਥੇ ਅਸ਼ਾਂਤੀ ਦਾ ਮਾਹੌਲ ਹੈ ਤਾਂ ਇਹ ਗੱਲ ਕੇਂਦਰ ਸਰਕਾਰ ਲਈ ਹੋਰ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਮੋਦੀ ਸਰਕਾਰ ਵੱਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਝੂਠੇ ਦਾਅਵੇ ਦੀ ਪੋਲ ਵੀ ਜਨਤਾ ਸਾਹਮਣੇ ਖੁੱਲ ਗਈ ਹੈ। ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣ ਕਿਉਂਕਿ ਕੇਂਦਰ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿਣ ਕਰਕੇ ਹੀ ਇਨ੍ਹਾਂ ਭਾਰਤੀਆਂ ਨੂੰ ਇਰਾਕ ਵਰਗੇ ਗੜਬੜ ਗ੍ਰਸਤ ਇਲਾਕੇ ਵਿੱਚ ਜਾਣਾ ਪਿਆ।
ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਭਾਰਤੀ ਦੂਤਾਵਾਸ ਸਮੇਂ ਸਿਰ ਇਨ੍ਹਾਂ ਭਾਰਤੀਆਂ ਦੀ ਇਰਾਕ ਵਿੱਚ ਮਦਦ ਕਰਦੇ ਤਾਂ ਇਨ੍ਹਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਮੋਦੀ ਸਰਕਾਰ ਨੇ ਇਨ੍ਹਾਂ ਗਰੀਬ ਲੋਕਾਂ ਨੂੰ ਇਨ੍ਹਾਂ ਦੇ ਭਾਗਾਂ ‘ਤੇ ਛੱਡ ਦਿੱਤਾ ਸੀ। ਉਨ੍ਹਾਂ ਆਖਿਆ ਕਿ ਜਦੋਂ ਤੋਂ ਦੇਸ਼ ਵਿੱਚ ਐਨ.ਡੀ.ਏ. ਸਰਕਾਰ ਬਣੀ ਹੈ ਇਹ ਸਰਕਾਰ ਗਰੀਬਾਂ ਅਤੇ ਐਸ.ਸੀ.ਐਸ.ਟੀ. ਭਾਈਚਾਰੇ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ।