ਸੁਧੀਰ ਸੂਰੀ ਕਤਲਕਾਂਡ ਦੇ ਮੁਲਜ਼ਮ ਸੰਦੀਪ ਸਿੰਘ ਦਾ ਰਿਮਾਂਡ ਖਤਮ, ਅੱਜ ਮੁੜ ਹੋਵੇਗੀ ਪੇਸ਼ੀ
ਚੰਡੀਗੜ੍ਹ 12 ਨਵੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕੇਸ ਦੇ ਮੁਲਜ਼ਮ ਸੰਦੀਪ ਦਾ ਸੱਤ ਦਿਨ ਦਾ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ ਅਤੇ ਪੁਲੀਸ ਅੱਜ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਦੇ ਨਾਲ ਹੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਤਲਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਤੇ ਪੁਲੀਸ ਕਮਿਸ਼ਨਰੇਟ ਜਲਦੀ ਹੀ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਿਸ ਦੀਆਂ ਕਮੀਆਂ ਵੀ ਸਾਹਮਣੇ ਆ ਗਈਆਂ ਹਨ।
ਐਸਆਈਟੀ ਦੀ ਮੁੱਢਲੀ ਜਾਂਚ ਵਿੱਚ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪੁਲੀਸ ਦੀਆਂ ਗਲਤੀਆਂ ਸਾਫ਼ ਨਜ਼ਰ ਆ ਰਹੀਆਂ ਹਨ।ਦੱਸ ਦਈਏ ਕਿ ਸੁਧੀਰ ਸੂਰੀ ਨੇ ਹਮੇਸ਼ਾ ਹੀ ਸਿੱਖ ਧਰਮ, ਖਾਲਿਸਤਾਨ ਅਤੇ ਸਿੱਖ ਆਗੂਆਂ ਖਿਲਾਫ ਬਿਆਨਬਾਜੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਸਨ। ਜਿਸ ਕਾਰਨ ਉਸ ਨੂੰ ਹਰ ਰੋਜ਼ ਧਮਕੀਆਂ ਵੀ ਮਿਲ ਰਹੀਆਂ ਸਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਉਸ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਜਿਸ ਵਿੱਚ 18 ਪੁਲਿਸ ਮੁਲਾਜ਼ਮ ਅਤੇ ਇੱਕ ਜਿਪਸੀ ਉਨ੍ਹਾਂ ਨਾਲ ਰਹਿੰਦੀ ਸੀ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਘਟਨਾ ਵਾਲੇ ਦਿਨ ਕਿਹੜੇ-ਕਿਹੜੇ ਪੁਲਸ ਕਰਮਚਾਰੀ ਗੈਰ-ਹਾਜ਼ਰ ਸਨ। ਜਿਕਰਯੋਗ ਹੈ ਕਿ ਜਦੋਂ ਸੁਧੀਰ ਸੂਰੀ ਦਾ ਕਤਲ ਹੋਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਗੋਪਾਲ ਮੰਦਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਿਹਾ ਸੀ। ਉਨ੍ਹਾਂ ਨੂੰ ਮਨਾਉਣ ਲਈ ਇੱਕ ਏਸੀਪੀ ਰੈਂਕ ਦਾ ਅਧਿਕਾਰੀ ਅਤੇ ਦੋ ਐਸਐਚਓ ਵੀ ਮੌਕੇ ’ਤੇ ਮੌਜੂਦ ਸਨ। ਐਸਆਈਟੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਘਟਨਾ ਵੇਲੇ ਇਨ੍ਹਾਂ ਅਧਿਕਾਰੀਆਂ ਨੇ ਕੀ ਕਾਰਵਾਈ ਕੀਤੀ ਸੀ। ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ ਰਾਮਗੜੀਆ ਨੂੰ ਅਦਾਲਤ ਨੇ 7 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ, ਜੋ ਅੱਜ ਖਤਮ ਹੋ ਰਿਹਾ ਹੈ। ਪੁਲਿਸ ਸੰਦੀਪ ਨੂੰ ਦੁਪਹਿਰ ਤੋਂ ਬਾਅਦ ਕਿਸੇ ਵੀ ਸਮੇਂ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ 10 ਦਿਨ ਦੇ ਹੋਰ ਰਿਮਾਂਡ ਦੀ ਮੰਗ ਕਰੇਗੀ। ਮੋਬਾਈਲ ਅਤੇ ਹੋਰ ਇਲੈਕਟ੍ਰੋਨਿਕਸ ਯੰਤਰਾਂ ਦੀ ਫੋਰੈਂਸਿਕ ਰਿਪੋਰਟ ਪੁਲੀਸ ਕੋਲ ਆਉਣੀ ਬਾਕੀ ਹੈ, ਜਿਸ ਦੇ ਆਧਾਰ ’ਤੇ ਪੁਲੀਸ ਹੋਰ ਰਿਮਾਂਡ ਦੀ ਮੰਗ ਕਰੇਗੀ।























