ਬਠਿੰਡਾ 2 ਅਗਸਤ – ਬੀਤੇ ਦਿਨੀਂ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਠਿੰਡਾ ਵਿਖੇ ਵਲੰਟੀਅਰ ਕਨਵੈਂਸ਼ਨ ਕੀਤਾ। ਇਸ ਦੌਰਾਨ ਆਪ ਦੇ 7 ਵਿਧਾਇਕ ਪਹੁੰਚੇ ਜਿਨ੍ਹਾਂ ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਨਾਜ਼ਰ ਸਿੰਘ, ਭਦੌੜ ਤੋਂ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਮਹਿਲਕਲਾਂ ਤੋਂ ਕੁਲਵੰਤ ਸਿੰਘ ਅਤੇ ਵਿਧਾਇਕ ਜੱਗਾ ਸ਼ਾਮਿਲ ਸਨ।
ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਉਤੇ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਵੱਡੀ ਪਾਰਟੀ ਹੈ ਪਰ ਹੁਣ ਇਹ ਇਕ ਪਰਿਵਾਰਿਕ ਪਾਰਟੀ ਬਣ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪ ਹਾਈਕਮਾਂਡ ਉਤੇ ਵੀ ਹਮਲਾ ਬੋਲਿਆ। ਸ. ਖਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪਲੇਟ ਵਿਚ ਰੱਖ ਕੇ ਕੋਈ ਅਹੁਦੇ ਦੇਣਗੇ ਤਾਂ ਇਸ ਨੂੰ ਸਵੀਕਾਰ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਫੈਸਲੇ ਪੰਜਾਬ ਵਿਚ ਹੁੰਦੇ ਤਾਂ ਅੱਜ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ।
ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ ਸਾਰੇ 22 ਜ਼ਿਲਿਆਂ ਵਿਚ ਘੁੰਮਾਂਗੇ ਜਿਥੇ ਅਸੀ ਹਰ ਵਲੰਟੀਅਰ ਤੇ ਵਰਕਰ ਨੂੰ ਆਪਣੇ ਨਾਲ ਮਿਲਾਵਾਂਗੇ।