ਚੰਡੀਗੜ 8 ਅਗਸਤ (ਵਿਸ਼ਵ ਵਾਰਤਾ) – ਬੀਤੇ ਦਿਨੀਂ ਆਪ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਲਟਵਾਰ ਕੀਤਾ।
ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ. ਖਹਿਰਾ ਨੇ ਕਿਹਾ ਕਿ ਮੈਂ ਹਮੇਸ਼ਾਂ ਹੀ ਗਲਤ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਹਨਾਂ ਭਗਵੰਤ ਮਾਨ ਉਤੇ ਦੋਸ਼ ਲਾਇਆ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਨੇ ਬਿਕਰਮ ਮਜੀਠੀਆ ਤੋਂ ਨਸ਼ਿਆਂ ਦੇ ਮੁਦੇ ਤੇ ਮੁਆਫੀ ਮੰਗੀ ਸੀ ਤਾਂ ਭਗਵੰਤ ਮਾਨ ਚੁੱਪ ਕਿਉਂ ਸਨ।
ਉਹਨਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਮੰਨਦਾ ਹਾਂ ਪਰ ਪਤਾ ਨਹੀਂ ਉਹ ਮੇਰੇ ਖਿਲਾਫ ਕਿਉਂ ਹੋ ਗਏ।
ਉਹਨਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਨੂੰ ਖੜਾ ਕਰਨ ਵਿਚ ਅਸੀਂ ਵੀ ਸਹਿਯੋਗ ਦਿੱਤਾ ਹੈ ਤੇ ਮੈਂ ਪਾਰਟੀ ਤੋਂ ਅਸਤੀਫਾ ਨਹੀਂ ਦੇਵਾਂਗਾ।
ਭਗਵੰਤ ਮਾਨ ਹੁਣ ਬਹੁਤ ਵੱਡੇ ਹੋ ਗਏ- ਕਦੇ ਉਹ ਮੇਰੇ ਤੋਂ ਸਲਾਹ ਲੈਣ ਆਉਂਦੇ ਸਨ : ਕੰਵਰ ਸੰਧੂ
ਖਰੜ ਤੋਂ ਆਪ ਵਿਧਾਇਕ ਕੰਵਰ ਸੰਧੂ ਨੇ ਵੀ ਇਸ ਮੌਕੇ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਹੁਣ ਭਗਵੰਤ ਮਾਨ ਬਹੁਤ ਵੱਡੇ ਹੋ ਗਏ ਹਨ। ਇਕ ਸਮਾਂ ਸੀ ਜਦ ਉਹ ਮੇਰੇ ਤੋਂ ਸਲਾਹ ਲੈਣ ਆਉਂਦੇ ਸਨ। ਉਹਨਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਇਕ ਸਮੇਂ ਜਦੋਂ ਭਗਵੰਤ ਮਾਨ ਨੇ ਕੇਸਰੀ ਰੰਗ ਦੀ ਪੱਗੜੀ ਬੰਨੀ ਸੀ ਤਾਂ ਉਹਨਾਂ ਨੇ ਮੈਨੂੰ ਪੁਛਿਆ ਸੀ ਕਿ ਇਹ ਠੀਕ ਲੱਗ ਰਹੀ ਹੈ। ਸ. ਸੰਧੂ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਸੀ ਹਾਂ ਇਹ ਬਹੁਤ ਸੋਹਣੀ ਲੱਗ ਰਹੀ ਹੈ। ਸ. ਸੰਧੂ ਨੇ ਕਿਹਾ ਕਿ ਮੈਂ ਭਗਵੰਤ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਇਸ ਨੂੰ ਸੋਚ-ਸਮਝ ਕੇ ਬੰਨਿਓ ਤੇ ਫਿਰ ਇਸ ਤੋਂ ਪਿਛੇ ਨੇ ਹਟਿਓ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਵੀ ਮਿੱਟੀ ਦੀ ਸਹੁੰ ਖਾਧੀ ਸੀ ਪਰ ਹੁਣ ਉਹ ਦੂਸਰੀ ਪਾਰਟੀ ਵਿਚ ਸ਼ਾਮਿਲ ਹੋ ਗਏ।
ਉਹਨਾਂ ਕਿਹਾ ਕਿ ਅਸੀਂ ਦਿੱਲੀ ਦੀ ਲੀਡਰਸ਼ਿਪ ਦੇ ਖਿਲਾਫ ਨਹੀਂ ਹਾਂ ਪਰ ਉਹਨਾਂ ਦੇ ਕਈ ਫੈਸਲੇ ਸਾਨੂੰ ਪ੍ਰਵਾਨ ਨਹੀਂ।