ਸੀ.ਪੀ.ਆਈ.(ਐਮ) ਵਲੋਂ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਭਾਜਪਾ ਨੂੰ ਹਰਾਉਣ ਲਈ ਹਰ ਸੰੰਭਵ ਯਤਨ ਕਰਾਂਗੇ : ਕਾਮਰੇਡ ਬਾਸੂ
ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਭਾਂਜ ਦਿਓ : ਕਾਮਰੇਡ ਸੇਖੋਂ

ਚੰਡੀਗੜ, 16 ਜਨਵਰੀ (ਵਿਸ਼ਵ ਵਾਰਤਾ) : ਅੱਜ ਸਥਾਨਕ ਸੈਕਟਰ 30 ਵਿਚਲੇੇ ਸੀ.ਪੀ.ਆਈ.(ਐਮ) ਦੇ ਸੂਬਾ ਹੈਡ ਕੁਆਰਟਰ ਦਫਤਰ ਚੀਮਾ ਭਵਨ ਵਿਖੇ ਕਾਮਰੇਡ ਭੂਪ ਚੰਦ ਚੰਨੋ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਮਰੇਡ ਨਿੋਲਤਪਾਲ ਬਾਸੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਪਾਰਟੀ ਦੇ ਪੰਜਾਬ ਵਿਧਾਨ ਸਭਾ ਚੋਣਾਂ ਲਈ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ ਜਲੰਧਰ ਜਿਲੇ ‘ਚ ਫਿਲੌਰ, ਨਕੋਦਰ, ਸ਼ਾਹਕੋਟ ਤੋਂ ਪਾਰਟੀ ਚੋਣਾਂ ਲੜੇਗੀ। ਇਸੇ ਤਰਾਂ ਅੰਮਿ੍ਰਤਸਰ ਜਿਲੇ ’ਚ ਰਾਜਾ ਸਾਂਸੀ, ਬਾਬਾ ਬਕਾਲਾ, ਜਿਲਾ ਤਰਨ ਤਾਰਨ, ਖੇਮਕਰਨ ਅਤੇ ਪੱਟੀ ਤੋਂ ਚੋਣਾਂ ਲੜੀਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਟੀ ਨੇ ਗਿੱਲ (ਰਾਖਵੀਂ ਸੀਟ) ਲੁਧਿਆਣਾ, ਲੁਧਿਆਣਾ (ਦੱਖਣੀ), ਭਦੌੜ, ਮਲੇਰਕੋਟਲਾ, ਗੜਸ਼ੰਕਰ, ਬਲਾਚੌਰ, ਸ਼੍ਰੀ ਆਨੰਦਪੁਰ ਸਾਹਿਬ, ਬਠਿੰਡਾ ਦਿਹਾਤੀ (ਰਾਖਵੀਂ ਸੀਟ), ਧਰਮਕੋਟ, ਡੇਰਾਬਸੀ ਅਤੇ ਸਰਦੂਲਗੜ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਵਲੌਂ ਬਾਕੀ ਦੀਆਂ ਸੀਟਾਂ ਦਾ ਐਲਾਨ ਆਪਣੇ ਸਹਿਯੋਗੀਆਂ ਸੀ.ਪੀ.ਆਈ. ਅਤੇ ਹੋਰ ਧਰਮ ਨਿਰਪੱਖ ਅਤੇ ਜਮਹੂਰੀ ਧਿਰਾਂ ਨਾਲ ਵਿਚਾਰ ਚਰਚਾ ਕਰਨ ਮਗਰੋਂ ਕੀਤਾ ਜਾਵੇਗਾ।
ਇਸ ਦੌਰਾਨ ਸੰਬੋਧਨ ਕਰਦਿਆਂ ਕਾਮਰੇਡ ਬਾਸੂ ਨੇ ਕਿਹਾ ਕਿ ਫਿਰਕਾਪ੍ਰਸਤ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੀ.ਪੀ.ਆਈ.(ਐਮ) ਦਾ ਮੁੱਖ ਮਕਸਦ ਕਿਸੇ ਵੀ ਤਰੀਕੇ ਨਾਲ ਭਾਜਪਾ ਨੂੰ ਸੱਤਾ ’ਚ ਆਉਣ ਤੋਂ ਰੋਕਣਾ ਹੈ। ਉਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਜਦੋਂ ਤੋਂ ਕੇਂਦਰ ਉੱਤੇ ਕਾਬਜ ਹੋਈ ਹੈ ਇਸ ਨੇ ਲੋਕ ਮਾਰੂ ਨੀਤੀਆਂ ਨੂੰ ਹੀ ਪਹਿਲ ਦਿੱਤੀ ਹੈ। ਇਸ ਵਲੋਂ ਜੋ ਵੀ ਫੈਸਲੇ ਲਏ ਜਾਂਦੇ ਹਨ ਉਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਹੁੰਦੇ ਹਨ। ਕਾਮਰੇਡ ਬਾਸੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੰਬਾਨੀਆਂ/ਅਡਾਨੀਆਂ ਤੋਂ ਬਿਨਾਂ ਹੋਰ ਕੁੱਝ ਨਜ਼ਰ ਨਹੀਂ ਆਉਦਾ । ਭਾਜਪਾ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰਨ ਉੱਤੇ ਲੱਗੀ ਹੋਈ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਹੀ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ ਸਨ, ਜਿਨਾਂ ਨੂੰ ਦੇਸ ਦੇ ਕਿਸਾਨਾਂ ਨੇ ਏਕੇ ਨਾਲ ਵੱਡਾ ਸੰਘਰਸ਼ ਲੜ ਕੇ ਵਾਪਿਸ ਕਰਵਾਇਆ। ਉਨਾਂ ਕਿਹਾ ਕਿ ਇਸ ਇਤਿਹਾਸਕ ਕਿਸਾਨੀ ਸੰਘਰਸ਼ ਵਿੱਚ 700 ਤੋਂ ਵਧ ਕਿਸਾਨਾਂ ਨੂੰ ਆਪਣੀ ਸਹਾਦਤ ਵੀ ਦੇਣੀ ਪਈ। ਕਾਮਰੇਡ ਬਾਸੂ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਵੱਡੇ ਪੱਧਰ ਉਤੇ ਲਾਮਬੰਦੀ ਕੀਤੀ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਲਈ ਧਰਮ ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਹੰਭਲਾ ਮਾਰਨਾ ਹੋਵੇਗਾ। ਉਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਰੀਆਂ ਧਰਮ ਨਿਰਪੱਖ ਅਤੇ ਜਮਹੂਰੀ ਧਿਰਾਂ ਇੱਕ ਹੋਣਗੀਆਂ। ਕਾਮਰੇਡ ਸੋਖੋਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਉੱਤੇ ਤੀਖਣ ਹਮਲੇ ਹੋ ਰਹੇ ਹਨ। ਉਨ ਕਿਹਾ ਕਿ ਅਲੱਗ ਅਲੱਗ ਤਰਾਂ ਦੇ ਬਹਾਨੇ ਬਣਾ ਕੇ ਇਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਪਾਰਟੀ ਪੂਰੀ ਵਾਹ ਲਗਾਵੇਗੀ। ਕਾਮਰੇਡ ਸੋਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਆਰ.ਐਸ.ਐਸ. ਦੀ ਬੀ ਟੀਮ ਹੈ। ਉਨਾਂ ਕਿਹਾ ਕਿ ਕੇਜਰੀਵਾਲ ਵਲੋਂ ਜੋ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸਰਵੇ ਕਰਵਾਏ ਜਾ ਰਹੇ ਹਨ ਉਨਾਂ ’ਚ ਕੋਈ ਸਚਾਈ ਨਹੀਂ ਹੈ ਅਤੇ ਇਹ ਸਭ ਝੂਠ ਦਾ ਪੁਲੰਦਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ 23.07 ਫੀਸ਼ਦੀ ਵੋਟਾਂ ਹਾਸਿਲ ਕੀਤੀਆਂ ਸਨ ਜੋ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਘੱਟ ਕੇ 7.38 ਫੀਸਦੀ ਰਹਿ ਗਈਆਂ ਹਨ। ਉਨਾਂ ਕਿਹਾ ਕਿ ਇਹ 16 ਫੀਸਦੀ ਗਿਰਾਵਟ ਸਪੱਸ਼ਟ ਕਰਦੀ ਹੈ ਕਿ ਸੂਬੇ ਅੰਦਰ ਇਸ ਪਾਰਟੀ ਦਾ ਗਰਾਫ ਘਟਿਆ ਹੈ। ਕਾਮਰੇਡ ਸੇਖੋਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਜਿਤਾਉਣ।























