ਸਿੱਧੂ ਮੂਸੇਵਾਲਾ ਕਤਲ ਕਾਂਡ : ਡੀ.ਜੀ.ਪੀ ਪੰਜਾਬ ਨੇ ਏ.ਡੀ.ਜੀ.ਪੀ. AGTF ਦੀ ਨਿਗਰਾਨੀ ਹੇਠ ਐਸ.ਆਈ.ਟੀ ਮਜ਼ਬੂਤ ਅਤੇ ਪੁਨਰਗਠਿਤ
ਹੁਣ ਆਈ.ਜੀ.ਪੀ. ਪੀਏਪੀ ਜਸਕਰਨ ਸਿੰਘ ਕਰਨਗੇ ਛੇ ਮੈਂਬਰੀ ਐਸ.ਆਈ.ਟੀ ਦੀ ਅਗਵਾਈ
ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (SIT) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ ਗਿਆ ਹੈ।

ਹੁਣ ਛੇ ਮੈਂਬਰੀ ਐਸ.ਆਈ.ਟੀ. ਨਵੇਂ ਚੇਅਰਮੈਨ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਪੀ.ਏ.ਪੀ. ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏ.ਆਈ.ਜੀ. AGTF ਗੁਰਮੀਤ ਸਿੰਘ ਚੌਹਾਨ ਅਤੇ ਐੱਸ.ਐੱਸ.ਪੀ. ਮਾਨਸਾ ਗੌਰਵ ਤੂਰਾ ਸ਼ਿਰਕਤ ਕਰਨਗੇ। ਜਦਕਿ ਐੱਸ.ਪੀ. ਜਾਂਚ ਮਾਨਸਾ ਧਰਮਵੀਰ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ. ਮਾਨਸਾ ਪ੍ਰਿਥਵੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।
ਆਪਣੇ ਨਵੇਂ ਹੁਕਮਾਂ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਐੱਸ.ਆਈ.ਟੀ. ਦਿਨ-ਰਾਤ ਜਾਂਚ ਕਰਨਗੇ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਅਤੇ ਜਾਂਚ ਪੂਰੀ ਹੋਣ ‘ਤੇ ਸੀ.ਆਰ.ਪੀ.ਸੀ. ਐਕਟ ਦੀ ਧਾਰਾ 173 ਅਧੀਨ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਐਸ.ਆਈ.ਟੀ. ਕਿਸੇ ਹੋਰ ਪੁਲਿਸ ਅਧਿਕਾਰੀ ਦੀ ਚੋਣ ਕਰ ਸਕਦਾ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਮਾਹਰ/ਅਧਿਕਾਰੀ ਦੀ ਮਦਦ ਲੈ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜੋ ਕਿ ਆਪਣੇ ਦੋ ਸਾਥੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਐਤਵਾਰ ਸ਼ਾਮ ਕਰੀਬ 4:30 ਵਜੇ ਘਰੋਂ ਨਿਕਲਿਆ ਸੀ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। .
ਜ਼ਿਕਰਯੋਗ ਹੈ ਕਿ ਆਈ.ਪੀ.ਸੀ. ਦੀਆਂ ਧਾਰਾਵਾਂ 302, 307, 341, 148, 149 ਅਤੇ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27/54/59 ਅਧੀਨ ਥਾਣਾ-1 ਵਿਖੇ ਐਫ.ਆਈ.ਆਰ ਨੰ.103 ਮਿਤੀ 29-05-2022 ਮਾਨਸਾ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।























