ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੰਜਾਬ ਲਿਆਂਦਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਮੁਕਤਸਰ ਪੁਲਿਸ ਦੇ ਰਿਮਾਂਡ ‘ਤੇ
ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਗੈਂਗਸਟਰ ਲਾਰੈਂਸ ਹੁਣ ਪੰਜਾਬ ਦੀ ਮੁਕਤਸਰ ਪੁਲਿਸ ਦੀ ਪਕੜ ਵਿਚ ਆ ਗਿਆ ਹੈ। ਲਾਰੈਂਸ ਨੂੰ ਅੱਜ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੋਂ ਮੁਕਤਸਰ ਪੁਲਿਸ ਨੇ ਉਸਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਜਿਸ ਤੋਂ ਬਾਅਦ ਲਾਰੈਂਸ ਨੂੰ ਮੁਕਤਸਰ ਦੀ ਮਲ੍ਹੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉਸ ਤੋਂ ਦੋ ਸਾਲ ਪਹਿਲਾਂ ਹੋਏ ਫਾਇਨਾਂਸਰ ਕਤਲ ਕੇਸ ਵਿੱਚ ਮਲੋਟ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ।ਦੱਸ ਦਈਏ ਕਿ 22 ਅਕਤੂਬਰ 2020 ਨੂੰ ਮਲੋਟ ਦੇ ਪਿੰਡ ਔਲਖ ਵਿੱਚ ਫਾਈਨਾਂਸਰ ਰਣਜੀਤ ਸਿੰਘ ਉਰਫ਼ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਸ ਦੀ ਗਰਭਵਤੀ ਪਤਨੀ ਰਾਜਵੀਰ ਕੌਰ ਦਵਾਈ ਲੈਣ ਲਈ ਹਸਪਤਾਲ ਗਈ ਹੋਈ ਸੀ। ਹਸਪਤਾਲ ਪਹੁੰਚਦੇ ਹੀ ਸਵਿਫਟ ਕਾਰ ‘ਚ ਸਵਾਰ 4 ਬਦਮਾਸ਼ਾਂ ਨੇ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦੇ ਚਾਰ ਘੰਟੇ ਬਾਅਦ ਸੋਸ਼ਲ ਮੀਡੀਆ ‘ਤੇ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਪੋਸਟ ਪਾਈ ਗਈ। ਜਿਸ ਵਿੱਚ ਲਾਰੈਂਸ ਦੇ ਸਾਥੀ ਗੁਰਲਾਲ ਬਰਾੜ ਦੇ ਕਤਲ ਵਿੱਚ ਰਾਣਾ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।