ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫਤਾਰ
ਦੁਬਈ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ
ਚੰਡੀਗੜ੍ਹ 13 ਅਕਤੂਬਰ(ਵਿਸ਼ਵ ਵਾਰਤਾ) – ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਜਗਤਾਰ ਸਿੰਘ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਗਤਾਰ ਸਿੰਘ ਅਤੇ ਉਸਦੇ ਭਰਾ ਅਵਤਾਰ ਸਿੰਘ ਜੋ ਕਿ ਸਿੱਧੂ ਮੂਸੇਵਾਲਾ ਦੇ ਗੁਆਂਢੀ ਹੀ ਹਨ ਖਿਲਾਫ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਦੋਵਾਂ ਨੇ ਸਿੱਧੂ ਦੀ ਰੇਕੀ ਕੀਤੀ ਹੈ। ਜਿਸ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਦੋਵਾਂ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਜਗਤਾਰ ਸਿੰਘ ਨੂੰ ਇਮੀਗ੍ਰੇਸ਼ਨ ਨੇ ਇਸ ਵੇਲੇ ਫੜ ਕੇ ਲੋਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂ ਇਹ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਭੱਜਣ ਦੀ ਫਿਰਾਕ ਵਿੱਚ ਸੀ। ਉਸਦਾ ਭਰਾ ਅਵਤਾਰ ਸਿੰਘ ਅਜੇ ਵੀ ਫਰਾਰ ਹੈ।