ਸਿੱਖਿਆ ਵਿਭਾਗ ਵੱਲੋਂ ਸਟੇਟ ਅਧਿਆਪਕ ਐਵਾਰਡ ਲਈ ਪੇਸ਼ਕਾਰੀ ਦੀਆਂ ਤਰੀਕਾਂ ਦਾ ਐਲਾਨ
ਚੰਡੀਗੜ੍ਹ,13 ਅਗਸਤ(ਵਿਸ਼ਵ ਵਾਰਤਾ) ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਸਟੇਟ ਅਧਿਆਪਕ ਐਵਾਰਡ ਵਾਸਤੇ ਸਾਰੇ ਜ਼ਿਲ੍ਹਿਆਂ ‘ਚੋਂ ਨਾਮਜ਼ਦਗੀਆਂ ਭਰਵਾਈਆਂ ਗਈਆਂ ਸਨ। ਇਹਨਾਂ ਨਾਮਜ਼ਦਗੀਆਂ ਦੇ ਆਧਾਰ ਤੇ ਹੁਣ ਪੇਸ਼ਕਾਰੀ ਲੈਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਅਨੁਸਾਰ 16 ਅਗਸਤ ਨੂੰ ਅੰਮ੍ਰਿਤਸਰ ਬਰਨਾਲਾ ਬਠਿੰਡਾ ਫ਼ਰੀਦਕੋਟ ਫ਼ਤਹਿਗੜ੍ਹ ਸਾਹਿਬ ਦੇ 35 ਅਧਿਆਪਕ ਜਜਮੈਂਟ ਪੈਨਲ ਦੇ ਸਾਹਮਣੇ ਆਪਣੀਆਂ ਉਪਲਬਧੀਆਂ ਰੱਖਣਗੇ।
ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਅਧਿਆਪਕ ਵੀ 24 ਅਗਸਤ ਤਕ ਕ੍ਰਮਵਾਰ 17, 18, 22, 23 ਅਤੇ 24 ਅਗਸਤ ਤਕ ਵਾਰੋ-ਵਾਰੀ ਆਪੋ-ਆਪਣੀਆਂ ਪ੍ਰਾਪਤੀਆਂ ਦੇ ਵੇਰਵੇ ਪੇਸ਼ ਕਰਨਗੇ। ਸਿੱਖਿਆ ਵਿਭਾਗ ਵੱਲੋਂ ਜਾਰੀ ਪੰਜ ਨੁਕਾਤੀ ਪੱਤਰ ਅਨੁਸਾਰ ਪ੍ਰੈਜ਼ੇਂਟਸ਼ਨ ਵੀਡੀਓ ਕਾਨਫਰੰਸ ਰਾਹੀਂ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜਿਨ੍ਹਾਂ ਦਾ ਲਿੰਕ ਅਧਿਆਪਕਾਂ ਨੂੰ ਪ੍ਰਾਪਤ ਕਰਵਾ ਦਿੱਤਾ ਗਿਆ ਹੈ।ਸਿੱਖਿਆ ਵਿਭਾਗ ਵੱਲੋਂ ਨਿਰਧਾਰਤ ਜਜਮੈਂਟ ਪੈਨਲ ਪ੍ਰਾਪਤ ਅਰਜ਼ੀਆਂ ਦੇ ਆਧਾਰ ‘ਤੇ ਅਧਿਆਪਕਾਂ ਦੇ ਗੁਣਾਂ ਅਤੇ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣਾ ਫ਼ੈਸਲਾ ਦੇਵੇਗਾ।






















