ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 343 ਅਸਾਮੀਆਂ ਦਾ ਇਸ਼ਤਿਹਾਰ ਜਾਰੀ
ਚੰਡੀਗੜ੍ਹ, 08 ਜਨਵਰੀ(ਵਿਸ਼ਵ ਵਾਰਤਾ)-ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ‘ਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 343 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਅਧੀਨ ਲੈਕਚਰਾਰ ਕਾਡਰ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ 30 ਜਨਵਰੀ, 2022 ਤੱਕ ਕੀਤੀ ਗਈ ਹੈ।
ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਅੱਜ ਜਾਰੀ ਕੀਤੇ ਲੈਕਚਰਾਰਾਂ ਦੀਆਂ ਅਸਾਮੀਆਂ ਦੇ ਇਸ਼ਤਿਹਾਰ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੈਕਚਰਾਰ ਕਾਡਰ ਦੀਆ ਦੇ ਵੱਖ-ਵੱਖ ਵਿਸ਼ਿਆਂ; ਇਕਨੋਮਿਕਸ ਦੀਆਂ 18, ਕਾਮਰਸ ਲੈਕਚਰਾਰ ਦੀਆਂ 43, ਮੈਥ (ਹਿਸਾਬ) ਲੈਕਚਰਾਰ ਦੀਆਂ 68, ਹਿਸਟਰੀ ਲੈਕਚਰਾਰ ਦੀਆਂ 142, ਪੋਲੀਟੀਕਲ ਸਾਇੰਸ ਦੀਆਂ 72 ਅਸਾਮੀਆਂ ਸ਼ਾਮਲ ਹਨ।
ਇਨ੍ਹਾਂ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ ਇੱਕ 150 ਅੰਕਾਂ ਦਾ ਇੱਕ ਲਿਖਤੀ ਟੈਸਟ ਲਿਆ ਜਾਵੇਗਾ, ਜੋ ਇਨ੍ਹਾਂ ਆਸਾਮੀਆਂ ਲਈ ਦਰਸਾਈਆਂ ਗਈਆਂ ਵਿੱਦਿਅਕ ਸੈਸ਼ਨ ਯੋਗਤਾਵਾਂ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹੋਣਗੇ, ਉਹਨਾਂ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਆਧਾਰ ਤੇ ਬਣਾਈ ਜਾਵੇਗੀ। ਇਹ ਭਰਤੀ ਲਿਖਤੀ ਪ੍ਰੀਖਿਆ ਦੇ ਆਧਾਰ ਉੱਤੇ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ।





















