ਚੰਡੀਗੜ੍ਹ 29 ਜਨਵਰੀ ( ਵਿਸ਼ਵ ਵਾਰਤਾ )-ਸਿੱਖ ਕਿਸਾਨ ਆਗੂ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਸ਼ਾਂਤੀਪੂਰਬਕ ਧਰਨੇ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਉੱਤੇ ਹਮਲੇ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾ ਇਸ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਹਮਲੇ ਨਾਲ ਕੇਂਦਰ ਦਾ ਕਿਸਾਨਾਂ ਪ੍ਰਤੀ ਨਾਂਹ–ਪੱਖੀ ਰਵੱਈਆ ਇੱਕ ਵਾਰ ਫਿਰ ਸਭ ਦੇ ਸਾਹਮਣੇ ਆ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਦੋਲਨਕਾਰੀ ਕਿਸਾਨਾਂ ਦੇ ਧਰਨੇ ਵਾਲੀ ਥਾਂ ਉੱਤੇ ਪੁੱਜ ਕੇ ਹੰਗਾਮਾ ਕੀਤਾ, ਨਾਅਰੇਬਾਜ਼ੀ ਕੀਤੀ ਅਤੇ ਪਥਰਾਅ ਕੀਤਾ। ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਵੀ ਕਰਨੀ ਪਈ।
ਸ. ਬਡਹੇੜੀ ਨੇ ਕਿਹਾ ਕਿ ਸਭ ਤੋਂ ਵੱਡਾ ਸੁਆਲ ਤਾਂ ਇਹੋ ਪੈਦਾ ਹੁੰਦਾ ਹੈ ਕਿ ਆਖ਼ਰ ਸ਼ਰਾਰਤੀ ਅਨਸਰਾਂ ਨੂੰ ਧਰਨੇ ਵਾਲੀ ਥਾਂ ਉੱਤੇ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ, ਜਦ ਕਿ ਮੀਡੀਆ ਦੀ ਗੱਡੀ ਤੇ ਦਿੱਲੀ ਸਰਕਾਰ ਦੇ ਟੈਂਕਰਾਂ ਨੂੰ ਵੀ ਉਸ ਜਗ੍ਹਾ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ।
ਕਿਸਾਨ ਆਗੂ ਨੇ ਅੱਗੇ ਕਿਹਾ ਕਿ ਤਿੰਨੇ ਕਾਨੂੰਨਾਂ ਵਿਰੁੱਧ ਲੱਖਾਂ ਕਿਸਾਨ ਦੋ ਮਹੀਨਿਆਂ ਤੋਂ ਸੜਕਾਂ ’ਤੇ ਹਨ ਪਰ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ। ਗਣਤੰਤਰ ਦਿਵਸ ਵਾਲੇ ਦਿਨ ਵੀ ਕੁਝ ਲੋਕਾਂ ਨੂੰ ਜਾਣਬੁੱਝ ਕੇ ਲਾਲ ਕਿਲੇ ਤੱਕ ਜਾਣ ਦਿੱਤਾ ਗਿਆ ਕਿ ਤਾਂ ਜੋ ਬਾਅਦ ਵਿੱਚ ਬਹਾਨੇ ਨਾਲ ਕਿਸਾਨ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਹਿੰਸਾ ਨਾਲ ਕੋਈ ਹੱਲ ਨਹੀਂ ਹੋਵੇਗਾ। ਸਰਕਾਰ ਹੁਣ ਡੰਡਾ ਲੈ ਕੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬਰਦਾਸ਼ਤ ਨਹੀਂ ਹੋਵੇਗਾ। ਇਹ ਕਿਸੇ ਇੱਕ ਭਾਈਚਾਰੇ ਦੀ ਆਵਾਜ਼ ਨਹੀਂ ਹੈ। ਕਸ਼ਮੀਰ ਤੇ ਪੰਜਾਬ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੇ ਕਿਸਾਨ ਰੋਸ ਮੁਜ਼ਾਹਰੇ ਕਰ ਰਹੇ ਹਨ।