ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਤਲਵੰਡੀ ਦਸੌਂਧਾ ਸਿੰਘ ਦੇ ਸਰਕਾਰੀ ਸਕੂਲ ਦੇ ਨਵੇਂ ਕਮਰਿਆਂ ਦਾ ਕੀਤਾ ਉਦਘਾਟਨ
ਮਾਤਾ ਮਹਿੰਦਰ ਕੌਰ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ
ਅੰਮ੍ਰਿਤਸਰ, 7 ਦਸੰਬਰ (ਵਿਸ਼ਵ ਵਾਰਤਾ)-ਸਿੱਖਿਆ ਬਲਾਕ ਅੰਮ੍ਰਿਤਸਰ –2 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਵਿਖੇ ਮਾਤਾ ਮਹਿੰਦਰ ਕੌਰ ਚੈਰੀਟੇਬਲ ਟਰੱਸਟ ਵਲੋਂ ਬਣਾਏ ਗਏ ਦੋ ਨਵੇਂ ਕਮਰਿਆਂ ਦਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਰਸਮੀਂ ਉਦਘਾਟਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਸ: ਸਿੱਧੂ ਨੇ ਕਿਹਾ ਕਿ ਸੱਤ ਸਮੁੰਦਰੋਂ ਪਾਰ ਵੱਸੇ ਅਮਰੀਕ ਸਿੰਘ ਗਿੱਲ ਵਲੋਂ ਆਪਣੀ ਮਾਤ ਭੂਮੀ ਨਾਲ ਜੁੜੇ ਰਹਿਣਾ ਅਤੇ ਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ ਟਰੱਸਟ ਬਣਾ ਕੇ ਸਮਾਜ ਸੇਵਾ ਦੇ ਕੰਮ ਸ਼ਲਾਘਾਯੋਗ ਹਨ। ਉਨਾਂ ਦੱਸਿਆ ਕਿ ਇਸਤੋਂ ਪਹਿਲਾਂ ਟਰੱਸਟ ਵਲੋਂ ਸਕੂਲ ਵਿਖੇ 6 ਨਵੇਂ ਕਮਰੇ, ਇਕ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਇਕ ਹਾਲ, 2 ਬਾਥਰੂਮ ਅਤੇ ਸਕੂਲ ਦੇ ਵਿਹੜੇ ਵਿੱਚ ਇੰਟਰਲਾਕ ਟਾਇਲਾਂ ਲਗਾ ਚੁੱਕੇ ਹਨ ਜਿਸ ਉਪਰ ਕਰੀਬ 70 ਲੱਖ ਤੋਂ ਜਿਆਦਾ ਦਾ ਖਰਚ ਹੋ ਚੁੱਕਾ ਹੈ। ਇਸ ਮੌਕੇ ਸ. ਸਿੱਧੂ ਨੇ ਸਕੂਲ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਣ ਕੀਤਾ। ਸਿਹਤ ਮੰਤਰੀ ਪੰਜਾਬ ਵਲੋਂ ਸੰਬੋਧਨ ਦੌਰਾਨ ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਭਾਵਪੂਰਨ ਅਪੀਲ ਕੀਤੀ ਤੇ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿੱਚ ਸਿਹਤ ਕਾਮਿਆਂ ਦੀਆਂ 4000 ਪੋਸਟਾਂ ਤੇ ਭਰਤੀ ਪ੍ਰਕਿਰਿਆ ਚਲ ਰਹੀ ਹੈ ਜਿਸ ਵਿਚੋਂ 3200 ਸਿਹਤ ਕਾਮੇਂ ਭਰਤੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦੀਆਂ ਪੋਸਟਾਂ ਵੀ ਇਸੇ ਸਾਲ ਦੇ ਅੰਤ ਤੱਕ ਭਰ ਦਿਤੀਆਂ ਜਾਣਗੀਆਂ।
ਇਸ ਸਮੇਂ ਬੋਲਦਿਆਂ ਭਗਵੰਤਪਾਲ ਸਿੰਘ ਸੱਚਰ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਡੀ.ਈ.ਓ. ਸਤਿੰਦਰਬੀਰ ਸਿੰਘ, ਪ੍ਰਿੰਸੀਪਲ ਗੁਰਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਸਵਾਗਤ ਕੀਤਾ ਤੇ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਸਕੂਲ ਮੈਨੇਜਮੈਂਟ ਕਮੇਟੀ, ਗ੍ਰਾਮ ਪੰਚਾਇਤ ਤਲਵੰਡੀ ਵਲੋਂ ਮੁੱਖ ਮਹਿਮਾਨ ਸਮੇਤ ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਨ.ਆਰ.ਆਈ. ਤੇ ਫਾਊਂਡਰ ਮਾਤਾ ਮਹਿੰਦਰ ਕੌਰ ਚੈਰੀਟੇਬਲ ਸੁਸਾਇਟੀ ਅਮਰੀਕ ਸਿੰਘ ਗਿੱਲ, ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਰਣਜੀਤ ਸਿੰਘ ਰਾਣਾ, ਜਗਰੂਪ ਸਿੰਘ ਭੰਗੂ, ਬੀ.ਡੀ.ਪੀ.ਓ. ਸੰਦੀਪ ਮਲਹੋਤਰਾ, ਕਾਮਰੇਡ ਬਲਵਿੰਦਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਮਰੜੀ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ, ਗੁਰਮੁਖ ਸਿੰਘ ਕਾਦਰਾਬਾਦ ਮੀਤ ਚੇਅਰਮੈਨ, ਸਰਪੰਚ ਲਖਵਿੰਦਰ ਕੌਰ, ਸਰਪੰਚ ਜਗਵਿੰਦਰ ਸਿੰਘ, ਸਤਨਾਮ ਸਿੰਘ ਸਿੱਧੂ ਐਸ.ਐਮ.ਓ. ਮਜੀਠਾ, ਗੁਰਮੀਤ ਸਿੰਘ ਗਿੱਲ, ਅਜੀਤ ਸਿੰਘ ਸਾਇੰਸ ਅਧਿਆਪਕ, ਪਰਮਿੰਦਰ ਸਿੰਘ ਸਰਪੰਚ ਜ਼ਿਲਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ, ਰਣਬੀਰ ਕੌਰ,ਰਾਜਵਿੰਦਰ ਕੌਰ, ਰੁਪਿੰਦਰਜੀਤ ਕੌਰ, ਅਰਵਿੰਦ ਲੂਥਰਾ, ਐਸ.ਐਮ.ਸੀ. ਚੇਅਰਮੈਨ ਫਤਹਿ ਸਿੰਘ, ਐਸ.ਐਚ.ਓ. ਕਿਰਨਦੀਪ ਸਿੰਘ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਨੌਜੁਆਨ ਆਗੂ ਸੁਖਪਾਲ ਸਿੰਘ ਗਿੱਲ ਹਦਾਇਤਪੁਰ, ਅਜੀਤ ਸਿੰਘ, ਸਤਿੰਦਰ ਸਿੰਘ ਰਾਣਾ ਆਦਿ ਹਾਜਰ ਸਨ।