ਸਿਟੀ ਬਿਊਟੀਫੁੱਲ ’ਚ 31 ਮਾਰਚ ਤੱਕ ਸ਼ੁਰੂ ਹੋਣਗੇ 53 ਈਵੀ ਚਾਰਜਿੰਗ ਸਟੇਸ਼ਨ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੀਐਚਡੀਸੀਸੀਆਈ ਦੇ ਈਵੀ ਐਕਸਪੋ ਦਾ ਕੀਤਾ ਉਦਘਾਟਨ
ਚੰਡੀਗੜ੍ਹ ਦੇ ਜੰਗਲਾਤ ਖੇਤਰ ’ਚ ਹੋਇਆ ਨੌਂ ਫੀਸਦੀ ਦਾ ਵਾਧਾ
ਸਰਕਾਰੀ ਬੇੜੇ ’ਚ ਸ਼ਾਮਲ ਕੀਤੇ ਜਾ ਰਹੇ ਇਲੈਕਟ੍ਰਿਕ ਵਾਹਨ
ਚੰਡੀਗੜ੍ਹ, 11 ਮਾਰਚ (ਵਿਸ਼ਵ ਵਾਰਤਾ):- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਸਿਟੀ ਬਿਊਟੀਫੁੱਲ ਦੇ ਵਸਨੀਕਾਂ ਨੇ ਇਲੈਕਟ੍ਰਿਕ ਵਾਹਨਾਂ ਨੂੰ ਆਪਣੀ ਜ਼ਿੰਦਗੀ ’ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 31 ਮਾਰਚ ਤੱਕ ਸ਼ਹਿਰ ’ਚ 32 ਥਾਵਾਂ ’ਤੇ 53 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਇਸ ਦਿਸ਼ਾ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਉਹ ਖੁਦ ਇਸ ਯੋਜਨਾ ਦੀ ਨਿਗਰਾਨੀ ਕਰ ਰਹੇ ਹਨ।
ਪੁਰੋਹਿਤ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਦੂਜੇ ਤਿੰਨ ਰੋਜ਼ਾ ਇਲੈਕਟ੍ਰਿਕ ਵਹੀਕਲ ਐਂਡ ਰੀਨਿਊਏਬਲ ਐਨਰਜੀ ਐਕਸਪੋ ਦਾ ਉਦਘਾਟਨ ਕਰਨ ਤੋਂ ਬਾਅਦ ਈਵੀ ਨਿਰਮਾਣ ਕੰਪਨੀਆਂ ਦੇ ਨੁਮਾਇੰਦਿਆਂ, ਉਦਯੋਗਪਤੀਆਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਤੰਬਰ 2022 ਦੌਰਾਨ ਈਵੀ ਨੀਤੀ ਲਾਗੂ ਕੀਤੀ ਗਈ ਸੀ, ਜਿਸ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਇਲੈਕਟ੍ਰਿਕ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹੁਣ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਰਾਕ ਗਾਰਡਨ ਪਾਰਕਿੰਗ ਅਤੇ ਲੇਕ ਕਲੱਬ ਪਾਰਕਿੰਗ, ਸੈਕਟਰ 17 ਵਿੱਚ ਮਲਟੀ ਲੈਵਲ ਪਾਰਕਿੰਗ, ਸੈਕਟਰ 22 ’ਚ ਪਰੇਡ ਗਰਾਊਂਡ ਦੇ ਸਾਹਮਣੇ, ਸੈਕਟਰ 23, ਸੈਕਟਰ 34 ’ਚ ਪਾਸਪੋਰਟ ਦਫ਼ਤਰ ਨੇੜੇ ਆਦਿ ਥਾਵਾਂ ਦੇ ਨੇੜੇ ਈਵੀ ਚਾਰਜਿੰਗ ਸਟੇਸ਼ਨ ਸ਼ੁਰੂ ਕਰ ਕੀਤੇ ਜਾ ਰਹੇ ਹਨ।
ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਦੀ ਖੂਬਸੂਰਤੀ ਇੱਥੋਂ ਦੀ ਹਰਿਆਲੀ ਕਾਰਨ ਹੈ। ਗ੍ਰੀਨ ਸਿਟੀ ਵਿੱਚ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਕੀਤੇ ਜਾ ਰਹੇ ਯਤਨਾਂ ਸਦਕਾ ਚੰਡੀਗੜ੍ਹ ਦੇ ਜੰਗਲਾਤ ਖੇਤਰ ਵਿੱਚ ਨੌਂ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਈ.ਵੀ. ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ 2027 ਤੱਕ ਚੰਡੀਗੜ੍ਹ ਦੀਆਂ ਸੜਕਾਂ ‘ਤੇ 70 ਫੀਸਦੀ ਇਲੈਕਟ੍ਰਿਕ ਵਾਹਨ ਚੱਲਣ।
ਇਸ ਤੋਂ ਪਹਿਲਾਂ ਪੁਰੋਹਿਤ ਦਾ ਇੱਥੇ ਪਹੁੰਚਣ ‘ਤੇ ਸਵਾਗਤ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਆਈ.ਐਫ.ਐਸ.ਟੀ.ਸੀ. ਨੌਟਿਆਲ ਨੇ ਕਿਹਾ ਕਿ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਵੱਲ ਲੋਕਾਂ ਦਾ ਝੁਕਾਅ ਵਧ ਰਿਹਾ ਹੈ। ਈਵੀ ਅਪਨਾਉਣ ’ਚ ਚੰਡੀਗੜ੍ਹ ਦੇਸ਼ ਵਿੱਚ ਸਭ ਤੋਂ ਉੱਪਰ ਹੈ। ਜਨਵਰੀ-ਫਰਵਰੀ 2024 ਵਿੱਚ ਸ਼ਹਿਰ ਵਿੱਚ ਵਿਕਣ ਵਾਲੇ ਕੁੱਲ ਵਾਹਨਾਂ ਵਿੱਚੋਂ 15.66 ਫੀਸਦੀ ਇਲੈਕਟ੍ਰਿਕ ਸਨ। ਉਨ੍ਹਾਂ ਕਿਹਾ ਕਿ ਈਵੀ ਖਰੀਦਣ ਵਾਲਿਆਂ ਨੂੰ ਹੁਣ ਤੱਕ ਸਬਸਿਡੀ ਦੇ ਰੂਪ ’ਚ 18.66 ਕਰੋੜ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਮਧੂਸੂਦਨ ਨੇ ਕਿਹਾ ਕਿ ਚੰਡੀਗੜ੍ਹ ’ਚ ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਚੈਂਬਰ ਵੱਲੋਂ ਤਿੰਨ ਰੋਜ਼ਾ ਐਕਸਪੋ ਦਾ ਆਯੋਜਨ ਕੀਤਾ ਗਿਆ ਹੈ। ਜਿੱਥੇ ਲੋਕ ਇੱਕ ਛੱਤ ਹੇਠ ਕਈ ਤਰ੍ਹਾਂ ਦੇ ਵਾਹਨ ਦੇਖ ਸਕਦੇ ਹਨ। ਇਸ ਮੌਕੇ ਚੰਡੀਗੜ੍ਹ ਰੀਨਿਊਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੇਸਟ) ਦੇ ਸੀਈਓ ਨਵਨੀਤ ਸ੍ਰੀਵਾਸਤਵ (ਆਈ.ਐਫ.ਐਸ.) ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਆਰ.ਐਸ. ਸਚਦੇਵਾ ਨੇ ਕਿਹਾ ਕਿ ਇਹ ਚੈਂਬਰ ਦਾ ਦੂਜਾ ਆਯੋਜਨ ਹੈ। ਭਵਿੱਖ ਵਿੱਚ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਪੀਐਚਡੀਸੀਸੀਆਈ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਪੀਐਚਡੀਸੀਸੀਆਈ ਰੀਨਿਊਏਬਲ ਐਨਰਜੀ ਕਮੇਟੀ ਦੇ ਕਨਵੀਨਰ ਪਰਵ ਅਰੋੜਾ, ਕ੍ਰੇਸਟ ਦੇ ਪ੍ਰੋਜੈਕਟ ਮੈਨੇਜਰ ਭੁਪਿੰਦਰ ਸਿੰਘ, ਰਾਜੇਸ਼ ਖੋਸਲਾ, ਦੀਪਕ ਪਾਂਡੇ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।