ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਿੰਗਲਾ ਦਾ ਜੀਤ ਪੈਲੇਸ ਨਗਰ ਨਿਗਮ ਬਠਿੰਡਾ ਵੱਲੋਂ ਸੀਲ
–ਜੋਜੋ ਦੇ ਗੁੰਡਾਟੈਕਸ ਖ਼ਿਲਾਫ਼ ਉਠੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ : ਸਿੰਗਲਾ
ਬਠਿੰਡਾ 29 ਅਗਸਤ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਜੀਤ ਪੈਲੇਸ ਨਗਰ ਨਿਗਮ ਬਠਿੰਡਾ ਵੱਲੋਂ ਅੱਜ ਸੀਲ ਕਰ ਦਿੱਤਾ ਗਿਆ ਹੈ। ਕਾਰਨ ਪੈਲੇਸ ਕੋਲ ਦੋ ਵੱਖ ਵੱਖ ਵਿਭਾਗਾਂ ਦੀਆਂ ਐਨ ਓ ਸੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪ੍ਰੰਤੂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇਸ ਕਾਰਵਾਈ ਨੂੰ ਸਿਆਸੀ ਰੰਜਿਸ਼ ਤਹਿਤ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੋਜੋ ਵੱਲੋਂ ਵਸੂਲੇ ਜਾ ਰਹੇ ਗੁੰਡਾ ਟੈਕਸ ਖ਼ਿਲਾਫ਼ ਉੱਠੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ। ਸਿੰਗਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅੱਜ ਤੋਂ ਪੱਚੀ ਸਾਲ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਮਾਮੂਲੀ ਗੱਲ ਕਰਕੇ ਕੋਈ ਵੀ ਪੈਲੇਸ ਇਸ ਤਰੀਕੇ ਨਾਲ ਸੀਲ ਕੀਤਾ ਗਿਆ ਹੋਵੇ, ਉਹ ਵੀ ਉਨ੍ਹਾਂ ਹਾਲਾਤਾਂ ਵਿੱਚ ਜਦੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਲੇਸ ਪਹਿਲਾਂ ਹੀ ਬੰਦ ਹਨ ਅਤੇ ਉਨ੍ਹਾਂ ਵੱਲੋਂ ਦੋ ਵੱਖ ਵੱਖ ਵਿਭਾਗਾਂ ਵਿੱਚ ਐਨ ਓ ਸੀ ਲੈਣ ਲਈ ਦਿੱਤੀਆਂ ਫਾਈਲਾਂ ਦੇ ਬਾਵਜੂਦ ਸੀਲ ਕਰਨਾ ਸਰਕਾਰ ਦੀ ਧੱਕੇਸ਼ਾਹੀ ਅਤੇ ਖਜ਼ਾਨਾ ਮੰਤਰੀ ਦੀ ਗੁੰਡਾ ਦਰਦੀ ਹੈ, ਕਿਉਂਕਿ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਲਿਖ ਕੇ ਵੀ ਦਿੱਤਾ ਗਿਆ ਹੈ ਕਿ ਜਦੋਂ ਤੱਕ ਐਨ ਓ ਸੀ ਨਹੀਂ ਮਿਲਦੀ, ਉਦੋਂ ਤੱਕ ਪੈਲੇਸ ਨਹੀਂ ਚਲਾਇਆ ਜਾਵੇਗਾ, ਇਸ ਦੇ ਬਾਵਜੂਦ ਸੀਲ ਕਰਨਾ ਆਵਾਜ਼ ਨੂੰ ਦਬਾਉਣ ਦਾ ਹੱਥਕੰਡਾ ਹੈ, ਪ੍ਰੰਤੂ ਅਜਿਹੀਆਂ ਹੋਛੀਆਂ ਹਰਕਤਾਂ ਨਾਲ ਉਹ ਡਰਨ ਵਾਲੇ ਨਹੀਂ ਅਤੇ ਜੋਜੋ ਦੇ ਗੁੰਡਾ ਟੈਕਸ ਖ਼ਿਲਾਫ਼ ਆਵਾਜ਼ ਉਠਾਉਂਦੇ ਰਹਿਣਗੇ । ਨਗਰ ਨਿਗਮ ਅਧਿਕਾਰੀਆਂ ਨੇ ਸੀਲ ਕਰਨ ਸਬੰਧੀ ਦੱਸਿਆ ਕਿ ਐੱਨ ਓ ਸੀ ਨਾ ਹੋਣ ਕਰਕੇ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਸ਼ਹਿਰ ਬਠਿੰਡਾ ਦੇ ਕਈ ਹੋਰ ਪੈਲੇਸ ਵੀ ਸੀਲ ਕੀਤੇ ਗਏ ਹਨ ।ਇਹ ਸਿਆਸੀ ਰੰਜਿਸ਼ ਤਹਿਤ ਹੈ ਜਾਂ ਵਿਭਾਗੀ ਕਾਰਵਾਈ ਇਹ ਤਾਂ ਹੁਣ ਆਉਂਦੇ ਸਮੇਂ ਵਿੱਚ ਖ਼ਜ਼ਾਨਾ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਿੱਚ ਆਉਣ ਵਾਲੀ ਦੂਸ਼ਣਬਾਜ਼ੀ ਤੋਂ ਵੀ ਸਾਹਮਣੇ ਆਏਗਾ ਪਰੰਤੂ ਵਿਭਾਗੀ ਕਾਰਵਾਈ ਕਰਕੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਜੀਤ ਪੈਲੇਸ ਨੂੰ ਸੀਲ ਕਰਨਾ ਵੱਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਇਸੇ ਪੈਲੇਸ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਹੁੰਦੀਆਂ ਹਨ ।