ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਦਰਜ ਮਾਮਲੇ ਵਿੱਚ ਅਦਾਲਤ ‘ਚ ਸੁਣਵਾਈ ਅੱਜ
ਚੰਡੀਗੜ੍ਹ 7 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਪੰਜਾਬੀ ਫਿਲਮਾਂ ਅਤੇ ਬਾਲੀਵੁੱਡੀ ਦੀ ਅਦਾਕਾਰਾ ਉਪਾਸਨਾ ਸਿੰਘ ਵੱਲੋਂ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ 14 ਹੋਰਨਾਂ ਖ਼ਿਲਾਫ਼ ਦਾਇਰ ਕੇਸ ਦੀ ਚੰਡੀਗੜ੍ਹ ਅਦਾਲਤ ਵਿੱਚ ਸੁਣਵਾਈ ਅੱਜ ਹੋਵੇਗੀ। ਅੱਜ ਇਸ ਮਾਮਲੇ ਵਿੱਚ ਹਰਨਾਜ਼ ਸੰਧੂ ਅਤੇ ਇਸ ਮਾਮਲੇ ਵਿੱਚ ਪਾਰਟੀ ਬਣਾਏ ਹੋਰਨਾਂ ਦੇ ਲਿਖਤੀ ਬਿਆਨ ਦਰਜ ਕੀਤੇ ਜਾਣੇ ਹਨ। ਦੱਸ ਦਈਏ ਕਿ ਪਿਛਲੇ ਸਾਲ 4 ਅਗਸਤ ਨੂੰ ਉਪਾਸਨਾ ਸਿੰਘ ਨੇ ‘ਬਾਈ ਜੀ ਕੁੱਟਣਗੇਂ’ ਨਾਂ ਦੀ ਪੰਜਾਬੀ ਫਿਲਮ ਨਾਲ ਜੁੜੇ ਵਿਵਾਦ ਨੂੰ ਲੈ ਕੇ ਚੰਡੀਗੜ੍ਹ ਦੀ ਅਦਾਲਤ ‘ਚ ਹਰਨਾਜ਼ ਸੰਧੂ ਖਿਲਾਫ ਕੇਸ ਦਾਇਰ ਕੀਤਾ ਸੀ। ਉਪਾਸਨਾ ਸਿੰਘ ਨੇ ਫਿਲਮ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਦਾਇਰ ਕੇਸ ਦੇ ਅਨੁਸਾਰ, ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਉਸਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐਲਐਲਪੀ ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਉਪਾਸਨਾ ਸਿੰਘ ਇਸ ਸਟੂਡੀਓ ਨੂੰ ਚਲਾਉਂਦੀ ਹੈ। ਉਪਾਸਨਾ ਅਨੁਸਾਰ ਉਸ ਨੇ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਹਰਨਾਜ਼ ਨੇ ਮੁੱਖ ਭੂਮਿਕਾ ਨਿਭਾਈ ਸੀ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਸੀ। ਪਰ, ਬਾਅਦ ਵਿੱਚ ਹਰਨਾਜ਼ ਨੇ ਪ੍ਰਚਾਰ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਸੀ।