ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸਾਰੇ ਦੋਸ਼ੀਆਂ ਨੂੰ ਕੀਤਾ ਰਿਹਾਅ
ਚੰਡੀਗੜ੍ਹ 11 ਨਵੰਬਰ(ਵਿਸ਼ਵ ਵਾਰਤਾ)- ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ‘ਤੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਤਲਕਾਂਡ ਦੇ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਨਲਿਨੀ ਅਤੇ ਆਰਪੀ ਰਵੀਚੰਦਰਨ ਸ਼ਾਮਲ ਹਨ। ਇਹ ਸਾਰੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 18 ਮਈ ਨੂੰ ਇਸ ਮਾਮਲੇ ‘ਚ ਦੋਸ਼ੀ ਪੇਰਾਰੀਵਲਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਬਾਕੀ ਦੋਸ਼ੀਆਂ ਨੇ ਵੀ ਇਸੇ ਹੁਕਮ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਰਿਹਾਈ ਦੀ ਮੰਗ ਕੀਤੀ ਸੀ। ਨਲਿਨੀ ਅਤੇ ਰਵੀਚੰਦਰਨ ਦੋਵੇਂ 30 ਸਾਲ ਤੋਂ ਵੱਧ ਜੇਲ੍ਹ ਵਿੱਚ ਬਿਤਾ ਚੁੱਕੇ ਹਨ।
ਦੱਸ ਦਈਏ ਕਿ ਰਾਜੀਵ ਗਾਂਧੀ ਦੀ ਹੱਤਿਆ 21 ਮਈ, 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਚੋਣ ਰੈਲੀ ਦੌਰਾਨ ਧਨੂ(ਤੇਨਮੋਜੀ ਰਾਜਰਤਨਮ) ਨਾਮਕ ਇੱਕ ਲਿੱਟੇ ਦੇ ਆਤਮਘਾਤੀ ਹਮਲਾਵਰ ਦੁਆਰਾ ਕੀਤੀ ਗਈ ਸੀ। ਲਿੱਟੇ ਦੀ ਮਹਿਲਾ ਅੱਤਵਾਦੀ ਧਨੂ (ਤੇਨਮੋਜੀ ਰਾਜਰਤਨਮ) ਨੇ ਰਾਜੀਵ ਨੂੰ ਫੁੱਲਾਂ ਦਾ ਹਾਰ ਪਹਿਨਾਉਣ ਤੋਂ ਬਾਅਦ ਉਸਦੇ ਪੈਰਾਂ ਨੂੰ ਛੂਹਿਆ ਅਤੇ ਹੇਠਾਂ ਝੁਕਦੇ ਹੋਏ ਕਮਰ ‘ਤੇ ਬੰਨ੍ਹੇ ਵਿਸਫੋਟਕਾਂ ਨਾਲ ਧਮਾਕਾ ਕਰ ਦਿੱਤਾ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ। ਰਾਜੀਵ ਗਾਂਧੀ ਅਤੇ ਹਮਲਾਵਰ ਧਨੂ ਸਮੇਤ 16 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 45 ਲੋਕ ਗੰਭੀਰ ਜ਼ਖਮੀ ਹੋ ਗਏ ਸਨ।