ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵਧੀਆਂ
ਪੰਜਾਬ ਪੁਲਿਸ ਵੱਲੋਂ ਇਕ ਹੋਰ ਚਲਾਨ ਅਦਾਲਤ ਵਿੱਚ ਪੇਸ਼
ਫਰੀਦਕੋਟ ਅਦਾਲਤ ਵੱਲੋਂ 18 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ
ਹੁਣ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਵੀ ਸਾਜਿਸ਼ ਰਚਣ ਦੇ ਦੋਸ਼ ਹੇਠ ਫਾਇਲ ਹੋਈ ਚਾਰਜਸ਼ੀਟ
ਤਿੰਨ ਦਿਨ ਪਹਿਲਾਂ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵੀ ਧਾਰਾ 302 ਦੇ ਦੋਸ਼ਾਂ ਅਧੀਨ ਅਦਾਲਤ ਵਿੱਚ ਕੀਤਾ ਗਿਆ ਚਲਾਨ ਪੇਸ਼
ਚੰਡੀਗੜ੍ਹ, 19ਜਨਵਰੀ(ਵਿਸ਼ਵ ਵਾਰਤਾ ਡੈਸਕ)-ਪੰਜਾਬ ਦੇ ਸਾਬਕਾ ਡੀ.ਜੀ.ਪੀ ਅਤੇ ਚਰਚਿਤ ਪੁਲਿਸ ਅਧਿਕਾਰੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਿੱਚ ਦਿਨ-ਬ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਕੱਲ੍ਹ ਸੁਮੇਧ ਸੈਣੀ ਖਿਲਾਫ ਫਰੀਦਕੋਟ ਦੀ ਇਲਾਕਾ ਮੈਜਿਸਟਰੇਟ ਏਕਤਾ ਉਪਲ ਦੀ ਅਦਾਲਤ ਵਿੱਚ ਇਕ ਹੋਰ ਚਲਾਨ ਪੇਸ਼ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਅਤੇ ਸਜ਼ਾ ਦਿਵਾਉਣ ਲਈ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਤੇ ਕੀਤੀ ਗਈ ਪੁਲਿਸ ਵੱਲੋਂ ਫਾਇਰਿੰਗ ਨੂੰ ਲੈ ਕੇ ਕੋਟਕਪੁਰਾ ਥਾਣੇ ਵਿੱਚ ਦਰਜ ਹੋਏ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੁਰਾ ਗੋਲੀਕਾਂਡ ਦੀ ਸਾਜਿਸ਼ ਰਚਣ ਦੇ ਦੋਸ਼ਾਂ ਹੇਠ ਮੁਲਜ਼ਮ ਬਣਾਏ ਗਏ ਸੁਮੇਧ ਸੈਣੀ ਖਿਲਾਫ ਚਲਾਨ ਪੇਸ਼ ਕਰ ਦਿੱਤਾ,ਜਦ ਕਿ ਉਹਨਾਂ ਨੂੰ ਐਸ.ਆਈ.ਟੀ ਨੇ ਪਿਛਲੇ ਸਾਲ 10 ਅਕਤੂਬਰ ਨੂੰ ਦੋਸ਼ੀ ਨਾਮਜਦ ਕੀਤਾ ਸੀ। ਇਸ ਕੇਸ ਵਿੱਚ ਐਸ.ਆਈ.ਟੀ ਪਹਿਲਾਂ ਹੀ 6ਹੋਰ ਦੋਸ਼ੀਆਂ ਖਿਲਾਫ ਜਿਹਨਾਂ ਵਿੱਚ ਕਿ ਇਕ ਕੋਟਕਪੁਰਾ ਤੋਂ ਅਕਾਲੀ ਦਾ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ,ਪਰਮਰਾਜ ਸਿੰਘ ਉਮਰਾਨੰਗਲ ਆਈਜੀ, ਸਾਬਕਾ ਐਸ.ਐਸ.ਪੀ ਫਰੀਦਕੋਟ ਚਰਨਜੀਤ ਸ਼ਰਮਾ, ਪਰਮਜੀਤ ਸਿੰਘ ਪੰਨੂ ਐਸ.ਪੀ,ਬਲਜੀਤ ਸਿੰਘ ਐਸ.ਪੀ,ਗੁਰਦੀਪ ਸਿੰਘ ਧੰਦੇਲ ਇੰਸਪੈਕਟਰ ਸ਼ਾਮਲ ਹੈ ਚਲਾਨ ਪੇਸ਼ ਕਰ ਚੁੱਕੀ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਕੁਵਰ ਵਿਜੈ ਪ੍ਰਤਾਪ ਸਿੰਘ (ਆਈ.ਜੀ.ਪੀ) ਦੀ ਅਗਵਾਈ ਹੇਠ ਬਣੀ ਐਸ.ਆਈ.ਟੀ ਨੇ 2015 ਵਿੱਚ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਜਿਸ ਵਿੱਚ ਦੋ ਸਿੱਖ ਨੋਜਵਾਨ ਮਾਰੇ ਗਏ ਸਨ, ਵਿੱਚ ਧਾਰਾ 302 ਦੇ ਅਧੀਨ ਦਰਜ ਹੋਈ ਐਫ.ਆਈ.ਆਰ ਜਿਸ ਵਿੱਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਮੁਅੱਤਲ ਚੱਲ ਰਹੇ ਆਈ.ਜੀ.ਪੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਖਿਲਾਫ ਫਰੀਦਕੋਟ ਦੀ ਹੀ ਇਕ ਹੋਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਵੀ ਸੁਮੇਧ ਸੈਣੀ ਖਿਲਾਫ ਇਕ ਆਈ.ਏ.ਐਸ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਦੇ ਦੋਸ਼ਾਂ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਹੈ।ਜਿਸ ਦੀ ਕਿ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਹੈ।























