ਚੰਡੀਗੜ੍ਹ, 13 ਮਾਰਚ (ਵਿਸ਼ਵ ਵਾਰਤਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਮੇਲਾ ਰਾਮ ਸ਼ਰਮਾ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸÎਿਟਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।
ਸ਼ੋਕ ਸਭਾ ‘ਚ ਸਾਬਕਾ ਜਸਟਿਸ ਮੇਲਾ ਰਾਮ ਸ਼ਰਮਾ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਐਸ. ਜੇ. ਵਜੀਫਦਾਰ ਨੇ ਚੀਫ ਜਸਟਿਸ ਸ਼ਰਮਾ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ। ਚੀਫ ਜਸਟਿਸ ਮੇਲਾ ਰਾਮ ਸ਼ਰਮਾ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਸ੍ਰੀ ਸ਼ਰਮਾ ਹਰ ਖੇਤਰ ਵਿਚ ਵਿਲੱਖਣ ਯੋਗਤਾ ਰੱਖਣ ਦੇ ਨਾਲ-ਨਾਲ ਮਨੁੱਖੀ ਭਾਵਨਾ ਦੀ ਕਦਰ ਕਰਨ ਵਾਲੇ ਇਨਸਾਨ ਸਨ। ਸਾਬਕਾ ਜਸਟਿਸ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਜਸਟਿਸ ਸ਼ਰਮਾ ਵੱਲੋਂ ਕਾਨੂੰਨ ਦੇ ਖੇਤਰ ਲਈ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ।
ਇਸ ਤੋਂ ਪਹਿਲਾਂ ਸਤਿਆ ਪਾਲ ਜੈਨ ਸਹਾਇਕ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀ ਅਤੁਲ ਨੰਦਾ, ਐਡਵੋਕੇਟ ਜਨਰਲ ਪੰਜਾਬ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀ ਵਿਜਿੰਦਰ ਅਹਲਾਵਤ, ਚੇਅਰਮੈਨ ਬਾਰ ਕੋਂਸਲ ਪੰਜਾਬ, ਅਤੇ ਰਵਿੰਦਰ ਸਿੰਘ ਰੰਧਾਵਾ ਆਨਰੇਰੀ ਸਕੱਤਰ, ਹਾਈ ਕੋਰਟ ਬਾਰ ਕੋਂਸਲ ਨੇ ਵੀ ਸਾਬਕਾ ਜਸਟਿਸ ਮੇਲਾ ਰਾਮ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ੋਕ ਸਭਾ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਇਲਾਵਾ ਜਸਟਿਸ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।