ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੀ ਧੀ ਦੀ ਕੀਤੀ ਹੌਂਸਲਾ ਅਫ਼ਜ਼ਾਈ, ਪਿੰਡ ਬਾਦਲ ਵਿਖੇ ਤੌਹਫ਼ੇ ਨਾਲ ਕੀਤਾ ਸਨਮਾਨਿਤ
ਬਠਿੰਡਾ, 14 ਅਕਤੂਬਰ ( ਕੁਲਬੀਰ ਬੀਰਾ )-ਮਹਿਲਾ ਸ਼ਸ਼ਕਤੀਕਰਨ ਅਤੇ ਧੀਆਂ ਨੂੰ ਮਾਣ-ਸਤਿਕਾਰ ਦਿਵਾਉਣ ਲਈ ਹਮੇਸ਼ਾ ਤਤਪਰ ਰਹੇ, ਨੰਨ੍ਹੀ ਛਾਂ ਦੇ ਸੰਸਥਾਪਕ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀਂ ਪਿੰਡ ਸ਼ੇਰਗੜ੍ਹ ( ਤਲਵੰਡੀ ਸਾਬੋ ), ਬਠਿੰਡਾ ਦੀ ਨਿਵਾਸੀ ਅਤੇ ਸਪੋਰਟਸ ਸਕੂਲ ਘੁੱਦਾ ਦੀ 12ਵੀਂ ਜਮਾਤ ਦੀ ਵਿਦਿਆਰਥਣ, ਜਿਸਨੇ 12ਵੀਂ ਦੀ ਪ੍ਰੀਖਿਆ ‘ਚ 448/ 450 ਅੰਕ ਪ੍ਰਾਪਤ ਕੀਤੇ ਹਨ , ਦੇ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕਰਕੇ ਉਸਨੂੰ ਵਧਾਈ ਦਿੱਤੀ ਸੀ ਅਤੇ ਉਸਦਾ ਹੌਸਲਾ ਵੀ ਵਧਾਇਆ ਸੀ । ਦੱਸ ਦੇਈਏ ਕਿ ਉਹਨਾਂ ਹੋਣਹਾਰ ਵਿਦਿਆਰਥਣ ਨਾਲ ਕੀਤੀ ਗੱਲਬਾਤ ਦੌਰਾਨ ਉਸਤੋਂ ਕਿਸੇ ਚੀਜ਼ ਦੀ ਇੱਛਾ ਪੁੱਛੀ ਕਿ ਉਸਨੂੰ ਆਪਣੀ ਇਸ ਉਪਲਬੱਧੀ ‘ਤੇ ਉਹਨਾਂ ਕੋਲੋਂ ਤੌਹਫ਼ੇ ਵਜੋਂ ਕੀ ਚਾਹੀਦਾ ਹੈ ਤਾਂ ਉਪਰੋਕਤ ਲੜਕੀ ਸੋਮਾ ਨੇ ਹਾਕੀ ਸਟਿੱਕ ਅਤੇ ਸਪੋਰਟਸ ਸ਼ੂਜ਼ ਦੀ ਮੰਗ ਕੀਤੀ , ਜਿਸ ਉਪਰੰਤ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਨੇ ਅੱਜ ਉਸਦੀ ਇੱਛਾ ਪੂਰੀ ਕੀਤੀ ਹੈ।
ਦੱਸ ਦੇਈਏ ਕਿ ਅੱਜ ਜਦੋਂ ਉਪਰੋਕਤ ਲੜਕੀ ਆਪਣੇ ਪਰਿਵਾਰ ਸਮੇਤ ਪਿੰਡ ਬਾਦਲ ਵਿਖੇ ਪਹੁੰਚੀ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਸਨੂੰ ਹਾਕੀ ਸਟਿੱਕ ਅਤੇ ਸਪੋਰਟਸ ਸ਼ੂਜ਼ ਤੌਹਫ਼ੇ ਵਜੋਂ ਦਿੱਤੇ ਅਤੇ ਉਸਨੂੰ ਹੋਰ ਅਗਾਂਹ ਵੱਧਣ ਲਈ ਪ੍ਰੇਰਿਆ, ਜਿਸ ਉਪਰੰਤ ਵਿਦਿਆਰਥਣ ਸੋਮਾ ਕੌਰ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਅਦਾ ਕੀਤਾ। ਇਸ ਮੌਕੇ ਸੋਮਾ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਅੱਗੇ ਜਾ ਕੇ ਹਾਕੀ ਦੀ ਅੰਤਰਰਾਸ਼ਟਰੀ ਖਿਡਾਰਨ ਬਣਨਾ ਚਾਹੁੰਦੀ ਹੈ, ਹੁਣ ਜਦੋਂਕਿ ਉਸਦੇ ਕੋਲ ਹਾਕੀ ਅਤੇ ਸਪੋਰਟਸ ਸ਼ੂਜ਼ ਆ ਚੁੱਕੇ ਹਨ ਤਾਂ ਉਹ ਤਕੜੀ ਹੋ ਕੇ ਮਿਹਨਤ ਕਰੇਗੀ ਅਤੇ ਆਪਣੀ ਮੰਜ਼ਿਲ ਨੂੰ ਹਾਸਿਲ ਕਰੇਗੀ।
ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਧੀਆਂ ਨੂੰ ਮਾਣ-ਸਤਿਕਾਰ ਅਤੇ ਪਿਆਰ ਨਾਲ ਨਿਵਾਜੋ ਤਾਂ ਉਨ੍ਹਾਂ ਅੰਦਰ ਹਰ ਮੰਜ਼ਿਲ ਨੂੰ ਸਰ ਕਰਨ ਦਾ ਹੌਂਸਲਾ ਹੋਰ ਵੀ ਪ੍ਰਫੁੱਲਿਤ ਹੁੰਦਾ ਹੈ। ਸੋਮਾ ਨੇ ਚੰਗੇ ਅੰਕ ਹਾਸਿਲ ਕਰਕੇ ਬਠਿੰਡੇ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ , ਜਦੋਂ ਧੀਆਂ ਨੂੰ ਅਗਾਂਹ ਵੱਧਦੇ ਦੇਖ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਹੌਸਲਾ ਅਫ਼ਜ਼ਾਈ ਲਈ ਅੱਗੇ ਆਏ ਹਨ , ਇਸਤੋਂ ਪਹਿਲਾਂ ਵੀ ਉਹ ਧੀਆਂ ਦੇ ਹੁਨਰ ਨੂੰ ਨਿਖ਼ਾਰਨ ਅਤੇ ਉਹਨਾਂ ਦੀ ਕਾਬਲੀਅਤ ਨੂੰ ਉਭਾਰਨ ਲਈ ਲਗਾਤਾਰ ਕਾਰਜਸ਼ੀਲ ਰਹੇ ਹਨ । ‘ਨੰਨ੍ਹੀ ਛਾਂ’ ਮੁਹਿੰਮ ਅਧੀਨ ਕਈ ਲੜਕੀਆਂ ਅਤੇ ਔਰਤਾਂ ਨੂੰ ਜਿੱਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਯਤਨਾਂ ਦੀ ਬਦੌਲਤ ਰੁਜ਼ਗਾਰ ਮਿਲਿਆ ਹੈ ਉੱਥੇ ਧੀਆਂ ਨੂੰ ਆਪਣੀ ਮੰਜ਼ਿਲ ਵੱਲ ਅਗਾਂਹ ਵੱਧਣ ਦੀ ਪ੍ਰੇਰਨਾ ਵੀ ਮਿਲੀ ਹੈ।























