ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਦੇਸ਼ ਫਰਾਰ !
ਚੰਡੀਗੜ੍ਹ, 25 ਦਸੰਬਰ(ਵਿਸ਼ਵ ਵਾਰਤਾ)-ਨਾਜਾਇਜ਼ ਸ਼ਰਾਬ ਫੈਕਟਰੀਆਂ ਨੂੰ ਲੈ ਕੇ ਚਰਚਾ ‘ਚ ਆਏ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਪੁੱਤਰ ਨਿਰਭੈ ਸਿੰਘ ਮਿਲਟੀ ਸਮੇਤ ਵਿਦੇਸ਼ ਫਰਾਰ ਹੋ ਗਏ ਹਨ! ਗੌਰਤਲਬ ਹੈ ਕਿ ਦੋਵਾਂ ‘ਤੇ ਰਾਜਪੁਰਾ ਨਿਵਾਸੀ ਪੱਤਰਕਾਰ ਰਮੇਸ਼ ਸ਼ਰਮਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਮੁਲਜ਼ਮ ਹਰਦਿਆਲ ਨੇ ਹਾਲ ਹੀ ਵਿੱਚ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਪਰ ਸੁਣਵਾਈ ਤੋਂ ਪਹਿਲਾਂ ਹੀ ਪਟੀਸ਼ਨ ਵਾਪਸ ਲੈ ਲਈ ਗਈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਭੁਪਿੰਦਰ ਸੈਣੀ ਦੀ ਸ਼ਮੂਲੀਅਤ ਬਾਰੇ ਪੁਲੀਸ ਜਾਂਚ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਮੁਲਜ਼ਮ ਸੰਜੀਵ ਅਤੇ ਮੁਕੇਸ਼ ਫਿਲਹਾਲ ਫਰਾਰ ਹਨ। ਥਾਣਾ ਰਾਜਪੁਰਾ ਸਿਟੀ ਦੇ ਐਸ.ਐਚ.ਓ ਨੇ ਦੱਸਿਆ ਕਿ ਸੰਜੀਵ ਅਤੇ ਮੁਕੇਸ਼ ਖਿਲਾਫ ਵਾਰੰਟ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰਹਿ ਵਿਭਾਗ ਦੀ ਇਮੀਗ੍ਰੇਸ਼ਨ ਬਿਊਰੋ ਵੱਲੋਂ ਦੋਸ਼ੀ ਹਰਦਿਆਲ ਕੰਬੋਜ ਵਿਰੁੱਧ ਐੱਲ.ਓ.ਸੀ. ਜਾਰੀ ਕੀਤਾ ਗਿਆ ਸੀ ਪਰ ਮੁਲਜ਼ਮ ਪਹਿਲਾਂ ਹੀ ਆਪਣੇ ਲੜਕੇ ਸਮੇਤ ਵਿਦੇਸ਼ ਫਰਾਰ ਹੋ ਗਿਆ। ਜਦਕਿ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।























