ਸਾਬਕਾ ਆਲਰਾਊਂਡਰ ਰੋਜਰ ਬਿੰਨੀ ਨੂੰ ਕੀਤਾ ਗਿਆ BCCI ਦਾ 36ਵਾਂ ਪ੍ਰਧਾਨ ਨਿਯੁਕਤ
ਚੰਡੀਗੜ੍ਹ 18 ਅਕਤੂਬਰ(ਵਿਸ਼ਵ ਵਾਰਤਾ)- ਅੱਜ ਹੋਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਏਜੀਐਮ ਵਿੱਚ ਸਾਬਕਾ ਆਲਰਾਊਂਡਰ ਰੋਜਰ ਬਿੰਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਗਲਾ ਪ੍ਰਧਾਨ ਚੁਣਿਆ ਗਿਆ ਹੈ। ਉਹ ਸੌਰਵ ਗਾਂਗੁਲੀ ਦੀ ਥਾਂ ਲੈਣਗੇ। ਬੀਸੀਸੀਆਈ ਦੀ ਸਾਲਾਨਾ ਆਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਬੀਸੀਸੀਆਈ ਦੀ ਸਾਲਾਨਾ ਜਨਰਲ ਮੀਟਿੰਗ ਅੱਜ ਮੁੰਬਈ ਦੇ ਤਾਜ ਹੋਟਲ ਵਿੱਚ ਹੋਈ ਜਿਸ ਵਿੱਚ ਬੀਸੀਸੀਆਈ ਸਕੱਤਰ ਜੈ ਸ਼ਾਹ, ਪ੍ਰਧਾਨ ਸੌਰਵ ਗਾਂਗੁਲੀ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਵੀ ਮੌਜੂਦ ਸਨ। 67 ਸਾਲਾ ਬਿੰਨੀ ਹੀ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਇਕਲੌਤੇ ਉਮੀਦਵਾਰ ਸਨ। ਉਹ ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਬਿੰਨੀ ਆਪਣੇ ਹਾਲੀਆ ਕਾਰਜਕਾਲ ਵਿੱਚ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਰਹੇ ਹਨ ਅਤੇ ਹੁਣ ਬੀਸੀਸੀਆਈ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਉੱਥੋਂ ਅਸਤੀਫਾ ਦੇ ਦੇਣਗੇ।