ਸਾਬਕਾ ਆਈ ਏ ਐਸ ਅਧਿਕਾਰੀਆਂ ਵਲੋਂ ਵਡੀ ਤਦਾਦ ਵਿਚ ਅੰਦੋਲਨਕਾਰੀ ਕਿਸਾਨਾਂ ਲਈ ਰਜਾਈਆਂ,ਤਰਪਾਲਾਂ ਅਤੇ ਕੰਬਲ ਭੇਜੇ
ਚੰਡੀਗੜ੍ਹ 18 ਜਨਵਰੀ ( ਵਿਸ਼ਵ ਵਾਰਤਾ )-ਸਿੰਘੂ ਬਾਰਡਰ ਤੇ ਅੰਦੋਲਨਕਾਰੀ ਕਿਸਾਨਾਂ ਲਈ ਪਿਛਲੇ ਮਹੀਨੇ ਸਤ ਹਜ਼ਾਰ ਕਿਤਾਬਾਂ ਭੇਜਣ ਤੋਂ ਬਾਅਦ ਸਖਤ ਸਰਦ ਮੌਸਮ ਤੋਂ ਬਚਾਓ ਲਈ ਹੁਣ ਤਿੰਨ ਲਖ ਰੁਪਏ ਨਾਲ ਦੋ ਸੌ ਰਜਾਈਆਂ,ਗਦੇ, ਸਰਹਾਣੇ, ਕੰਬਲ ਅਤੇ ਤਰਪਾਲਾਂ ਖਰੀਦ ਕੇ ਭੇਜੀਆਂ ਜਾ ਰਹੀਆਂ ਹਨ। ਇਹ ਫੈਸਲਾ ਅਜ ਚੰਡੀਗੜ੍ਹ ਵਿਖੇ ਸਾਬਕਾ ਸੀਨੀਅਰ ਅਫਸਰਾਂ ਵਲੋਂ ਆਪਣੀ ਮੀਟਿੰਗ ਦੌਰਾਨ ਲਿਆ ਗਿਆ।ਇਸ ਮੀਟਿੰਗ ਦੀ ਪ੍ਰਧਾਨਗੀ ਸ੍ ਸਰਵਨ ਸਿੰਘ ਬੋਪਾਰਾਏ ਅਤੇ ਸ੍ ਆਰ ਆਈ ਸਿੰਘ ਨੇ ਕੀਤੀ। ਮੀਟਿੰਗ ਵਿਚ ਨਵੇਂ ਪਾਸ ਕੀਤੇ ਖੇਤੀ ਕਨੂੰਨਾਂ ਦੇ ਕਿਰਸਾਨੀ ਤੇ ਪੈਣ ਵਾਲੇ ਮਾੜੇ ਅਸਰ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਲਗ ਰਹੀ ਢਾਅ ਤੇ ਚਿੰਤਾ ਜ਼ਾਹਰ ਕੀਤੀ ਗਈ। ਇਹ ਵੀ ਪ੍ਰਸਤਾਵ ਪਾਸ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਦੌਰਾਨ ਨਾ ਕੇਵਲ ਠੰਡ ਨਾਲ ਮਰਨ ਵਾਲੇ ਕਿਸਾਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਸਗੋਂ ਅੰਦੋਲਨ ਐਨਾ ਲਮਕਣ ਨਾਲ ਦਿਲੀ ਦੇ ਆਲੇ ਦੁਆਲੇ ਤਨਾਅ ਵਾਲੀ ਸਥਿਤੀ ਬਣੀ ਹੋਈ ਹੈ। ਗਣਤੰਤਰ ਦਿਵਸ ਦੇ ਸਮਾਰੋਹ ਨੂੰ ਧਿਆਨ ਚ ਰਖਦੇ ਹੋਏ ਕੇਂਦਰ ਸਰਕਾਰ ਨੂੰ ਤੁਰੰਤ ਖੇਤੀ ਕਨੂੰਨ ਵਾਪਸ ਲੈ ਕੇ ਵਾਤਾਵਰਣ ਨੂੰ ਸੁਖਾਵਾਂ ਬਨਾਉਣਾ ਚਾਹੀਦਾ ਹੈ।
ਅਜ ਦੀ ਮੀਟਿੰਗ ਵਿਚ ਪੰਜਾਬ ਅਤੇ ਉਤਰੀ ਭਾਰਤ ਦੇ ਕਿਸਾਨਾਂ ਦੀ ਮਾੜੀ ਆਰਥਿਕ ਦਸ਼ਾ ਦੇ ਕਾਰਨਾਂ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਵਰਿਆਂ ਤੋਂ ਖੇਤੀ ਵਿਭਿੰਨਤਾ ਦੇ ਕੰਮ ਨੂੰ ਲਮਕ -ਅਵਸਥਾ ਵਿਚੋਂ ਕਢ ਕੇ ਖੇਤੀ ਨੂੰ ਕਣਕ -ਝੋਨੇ ਦੇ ਚਕਰ ਤੋਂ ਮੁਕਤ ਕਰਾਉਣਾ ਚਾਹੀਦਾ ਹੈ।
ਮੀਟਿੰਗ ਵਿਚ ਦੇਸ਼ ਭਰ ਦੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਿਰੜ,ਸਬਰ ਅਤੇ ਹਿੰਮਤ ਦੀ ਤਾਰੀਫ ਕੀਤੀ ਗਈ। ਅਜ ਦੀ ਮੀਟਿੰਗ ਵਿਚ ਰੀਟ ਸੀਨੀਅਰ ਆਈ ਪੀ ਐਸ ,ਸ੍ ਐਮ ਪੀ ਐਸ ਔਲਖ ,ਸਾਬਕਾ ਡੀ ਜੀ ਪੀ ਪੰਜਾਬ ਵਿਸੇਸ਼ ਤੌਰ ਤੇ ਸ਼ਾਮਲ ਹੋਏ।