ਸਾਬਕਾ ਆਈਏਐਸ KBS ਸਿੱਧੂ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼
ਪੜ੍ਹੋ, ਨਾ ਪੇਸ਼ ਹੋਣ ਦੀ ਦੱਸੀ ਕਿਹੜੀ ਵਜ੍ਹਾ
ਚੰਡੀਗੜ੍ਹ, 13ਦਸੰਬਰ(ਵਿਸ਼ਵ ਵਾਰਤਾ)- ਬਹੁ- ਕਰੋੜੀ ਸਿੰਚਾਈ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਅੱਜ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਹੀਂ ਹੋਏ। ਸਿੱਧੂ ਨੇ ਵਿਜੀਲੈਂਸ ਨੂੰ ਭੇਜੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਪੇਸ਼ੀ ਲਈ ਬਹੁਤ ਘੱਟ ਸਮਾਂ ਮਿਲਣ ਕਾਰਨ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਹੈ ਕਿ ਵਿਜੀਲੈਂਸ ਵੱਲੋਂ ਜਾਰੀ ਸੰਮਨ ਬੀਤੀ ਰਾਤ ਹੀ ਵਟਸਐਪ ’ਤੇ ਪ੍ਰਾਪਤ ਹੋਏ ਹਨ। ਸਿੱਧੂ ਨੇ ਵਿਜੀਲੈਂਸ ਨੂੰ ਪੁੱਛਗਿੱਛ ਦਾ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ। ਸਿੱਧੂ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮਾਂ ਅਤੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਮਾਮਲਾ ਦਾ ਹਵਾਲਾ ਦਿੰਦੇ ਹੋਏ ਵਿਜੀਲੈਂਸ ਜਾਂਚ ਟੀਮ ਤੋਂ ਜਵਾਬ ਵੀ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਕੇਬੀਐਸ ਸਿੱਧੂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ ਸਵੇਰੇ 10 ਵਜੇ ਵਿਜੀਲੈਂਸ ਦਫ਼ਤਰ ਬੁਲਾਇਆ ਸੀ। ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ 1200 ਕਰੋੜ ਦੇ ਸਿੰਚਾਈ ਘੁਟਾਲੇ ਵਿੱਚ ਸਿੱਧੂ ਤੋਂ ਪੁੱਛਗਿੱਛ ਹੋਣੀ ਹੈ। ਇਸ ਦੇ ਲਈ ਉਸ ਨੂੰ ਦੁਬਾਰਾ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਹਨਾਂ ਤੋਂ ਪਹਿਲਾਂ ਇਸ ਮਾਮਲੇ ਵਿੱਚ ਵਿਜੀਲੈਂਸ ਸਾਬਕਾ ਆਈਏਐਸ ਕਾਹਨ ਸਿੰਘ ਪੰਨੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕਰ ਚੁੱਕੀ ਹੈ।























