ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਸ਼ਬਦ ਮੇਰਾ ਹੈ ਧਰਮ ਦੋਸਤੋ – ਗੁਰਭਜਨ ਗਿੱਲ
ਚੰਡੀਗੜ੍ਹ,16ਸਤੰਬਰ(ਵਿਸ਼ਵ ਵਾਰਤਾ)-
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ।
ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ, ਕੌਣ ਕਹੇ ਇਨਸਾਨ ਦੋਸਤੋ।
ਤੇਰਾ ਪੰਥ ਗ੍ਰੰਥ ਗੁਰੂ ਹੈ, ਮੇਰੇ ਇਸ਼ਟ ਸਿਖਾਇਆ ਮੈਨੂੰ।
ਇਕ ਓਂਕਾਰ ਬਿਨਾ ਸਭ ਮਿਥਿਆ, ਇਕੋ ਸਬਕ ਪੜ੍ਹਾਇਆ ਮੈਨੂੰ।
ਨਿਰਭਉ ਤੇ ਨਿਰਵੈਰ ਗੁਰੂ ਦੀ, ਉਂਗਲੀ ਦੇ ਲੜ ਲਾਇਆ ਮੈਨੂੰ।
ਹੱਕ ਸੱਚ ਇਨਸਾਫ਼ ਦੀ ਖ਼ਾਤਰ, ਹੋ ਜਾਵਾਂ ਕੁਰਬਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਬਿਨਸੇ ਨਾਹੀਂ ਸਦਾ ਅਜੂਨੀ, ਕਾਲਮੁਕਤ ਹੈ ਮੁਰਸ਼ਦ ਮੇਰਾ।
ਅਨਹਦ ਨਾਦ ਵਜਾਵਣਹਾਰੇ, ਲਾਇਆ ਕਣ ਕਣ ਦੇ ਵਿਚ ਡੇਰਾ।
ਮਹਿਕ ਮਹਿਕ ਲਟਬੌਰੀ ਛਾਂ ਹੈ, ਜੀਕੂੰ ਚੰਦਨ ਰੁੱਖ ਦਾ ਘੇਰਾ।
ਡਰਦਾ ਕਦੇ ਡਰਾਉਂਦਾ ਨਾਹੀਂ, ਦੇਵੇ ਅਕਲਾਂ ਦਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਦਸਮ ਗੁਰੂ ਦੀ ਸਿੱਖਿਆ ਮੈਨੂੰ, ਤੇਰੇ ਲਈ ਪਰਮੇਸ਼ਰ ਪੋਥੀ।
ਇਸ ਦੇ ਬ੍ਰਹਮ ਵਿਚਾਰ ਸਾਹਮਣੇ, ਸਮਝੀਂ ਤੂੰ ਹਰ ਗੱਲ ਨੂੰ ਥੋਥੀ।
ਪੜ੍ਹ ਕੇ ਆਪ ਪੜ੍ਹਾਵੀਂ ਦੂਜੇ, ਹਰ ਮੁਸ਼ਕਿਲ ਦਾ ਹੱਲ ਹੈ ਪੋਥੀ।
ਆਪਣਾ ਮੂਲ ਪਛਾਨਣ ਵਾਲਾ ਦੇਵੇ ਅਸਲ ਗਿਆਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਬਾਬਰ ਨੂੰ ਜਾਬਰ ਇਹ ਕਹਿੰਦਾ, ਰਾਜੇ ਸ਼ੀਂਹ ਮੁਕੱਦਮ ਕੁੱਤੇ।
ਸ਼ਰਮ ਸ਼ਰ੍ਹਾ ਨਾ ਪਰਦਾ ਕੋਈ, ਜਾਏ ਜਗਾਇਨ ਬੈਠੇ ਸੁੱਤੇ।
ਛਲ ਤੇ ਕਪਟ ਵਿਕਾਰ ਮੁਕਤ ਹੈ, ਦੱਸੋ ਕਿਹੜਾ ਇਸ ਤੋਂ ਉੱਤੇ।
ਉਨ੍ਹਾਂ ਨਾਲ ਤੁਰਾਂ ਨਾ ਜਿਹੜੇ ਜ਼ੋਰੀ ਮੰਗਣ ਦਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਪੰਜ ਸਦੀਆਂ ਪਹਿਲਾਂ ਇਸ ਦੱਸਿਆ, ਪਵਨ ਗੁਰੂ ਧਰਤੀ ਹੈ ਮਾਤਾ।
ਪਾਣੀ ਬਾਬਲ ਵਾਂਗ ਪਵਿੱਤਰ, ਸਰਬ ਧਰਮ ਨੂੰ ਇਕ ਕਰ ਜਾਤਾ।
ਮਾਈ ਬਾਪ ਬਣਾਇਆ ਰੱਬ ਨੂੰ, ਮਿੱਤਰ ਬੇਲੀ ਕਦੇ ਭਰਾਤਾ।
ਇਹ ਸਭ ਸਬਕ ਭੁਲਾ ਕੇ ਆਪਾਂ ਬਣੀਏ ਨਾ ਹੈਵਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ।
ਪੰਜ ਵਿਕਾਰ ਨਿਸ਼ਾਨੀ ਲਾ ਕੇ, ਗੁਰਬਾਣੀ ਨੇ ਇਹ ਸਮਝਾਇਆ।
ਮੋਹ-ਮਮਤਾ ਹੰਕਾਰ ਤੋਂ ਪਿੱਛੋਂ, ਕਾਮ ਕ੍ਰੋਧ ਲੋਭ ਦੀ ਮਾਇਆ।
ਇਨ੍ਹਾਂ ਪੰਜਾਂ ਦੇ ਵੱਸ ਪੈ ਕੇ, ਬੰਦਿਆਂ ਮਾਨਸ ਜਨਮ ਗੰਵਾਇਆ।
ਪੰਜ ਚੋਰਾਂ ਤੋਂ ਮੁਕਤੀ ਖ਼ਾਤਰ, ਬਣ ਜਾਈਏ ਦਰਬਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਇਸ ਧਰਤੀ ਦੇ ਮਾਲ ਖ਼ਜ਼ਾਨੇ, ਰਤਨ ਅਮੋਲ ਪਦਾਰਥ ਛੱਤੀ।
ਗੁਰ ਬਿਨ ਗਿਆਨ ਕਦੇ ਨਾ ਮਿਲਦਾ, ਜਗਦੀ ਨਹੀਂ ਤੇਲ ਬਿਨ ਬੱਤੀ।
ਸ਼ੁਭ ਅਮਲਾਂ ਬਾਝੋਂ ਸਭ ਮਿੱਟੀ, ਇਸ ਵਿਚ ਝੂਠ ਨਹੀਂ ਹੈ ਰੱਤੀ।
ਘੜ ਘੜ ਕੱਢੇ ਖੋਟ ਮਨਾਂ ‘ਚੋਂ, ਜੇ ਪੜ੍ਹ ਲਏ ਇਨਸਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਇਹ ਸ਼ੀਸ਼ਾ ਹੈ ਅਦਭੁਤ ਸ਼ੀਸ਼ਾ, ਘਟ ਘਟ ਦੇ ਅੰਦਰ ਦੀ ਜਾਣੇ।
ਕਰਕ ਕਲੇਜੇ ਵਾਲੀ ਬੁੱਝੇ, ਭਲੇ ਬੁਰੇ ਦੀ ਪੀੜ ਪਛਾਣੇ।
ਭਲਾ ਸਦਾ ਸਰਬੱਤ ਦਾ ਮੰਗੇ, ਸਭ ਨੂੰ ਆਪਣਾ ਹੀ ਕਰ ਜਾਣੇ।
ਮੈਨੂੰ ਪੂਜਣ ਤੋਂ ਇਹ ਵਰਜੇ ਮਿੱਟੀ ਦੇ ਭਗਵਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ…।
ਅੰਬਰ ਥਾਲੀ ਦੀਵੇ ਧਰਕੇ, ਸਦ ਜੀਵੀ ਅਰਦਾਸ ਸੁਣਾਵੇ।
ਦੀਵਿਆਂ ਦੀ ਥਾਂ ਚੰਦ ਤੇ ਸੂਰਜ, ਤਾਰਾ-ਮੰਡਲ ਨਾਲ ਸੁਹਾਵੇ।
ਵਗਦੀ ਪੌਣ ਝੁਲਾਵੇ ਚੌਰੀ, ਸਗਲ ਬਨਸਪਤ ਸਾਜ਼ ਵਜਾਵੇ।
ਨਾਦ ਸ਼ਬਦ ਸੁਰ ਮਿਲ ਕੇ ਲਾਉਂਦੇ, ਸੁਣ ਲਉ ਅਨਹਦ ਤਾਨ ਦੋਸਤੋ।
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ।
ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ ਕੌਣ ਕਹੇ ਇਨਸਾਨ ਦੋਸਤੋ।