ਸ਼ਰਾਬ ਨੀਤੀ ਮਾਮਲਾ- ਜੇਲ ‘ਚ ਬੰਦ ਸੀਐੱਮ ਅਰਵਿੰਦ ਕੇਜਰੀਵਾਲ ਨੇ ਅਦਾਲਤ ਤੋਂ 3 ਕਿਤਾਬਾਂ ਦੀ ਮੰਗੀ ਮਨਜ਼ੂਰੀ
ਚੰਡੀਗੜ੍ਹ, 1 ਅਪ੍ਰੈਲ (ਵਿਸ਼ਵ ਵਾਰਤਾ) ਸ਼ਰਾਬ ਨੀਤੀ ਮਾਮਲੇ ਵਿਚ 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਤ ਦੋ ਕੇਸਾਂ ਦੀ ਸੁਣਵਾਈ ਅੱਜ ਸੋਮਵਾਰ ਨੂੰ ਦੋ ਵੱਖ-ਵੱਖ ਅਦਾਲਤਾਂ ਵਿਚ ਹੋਈ। ਕੋਰਟ ਨੇ ਕੇਜਰੀਵਾਲ ਨੂੰ 15ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। 15 ਦਿਨਾਂ ਲਈ ਜੇਲ੍ਹ ਭੇਜਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਅਦਾਲਤ ਤੋਂ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ 3 ਕਿਤਾਬਾਂ ਦੇਣ ਲਈ ਕਿਹਾ। ਕਿਤਾਬਾਂ ਤੋਂ ਇਲਾਵਾ ਦਵਾਈਆਂ, ਸਪੈਸ਼ਲ ਡਾਈਟ ਅਤੇ ਕੁਰਸੀ-ਟੇਬਲ ਦਿੱਤੇ ਜਾਣ ਦੀ ਮੰਗ ਕੀਤੀ। ਜਿਸ ਵਿੱਚ ਭਗਵਦ ਗੀਤਾ, ਰਾਮਾਇਣ ਅਤੇ ਪੱਤਰਕਾਰ ਨੀਰਜਾ ਚੌਧਰੀ ਦੁਆਰਾ ਲਿਖੀ ਗਈ ਕਿਤਾਬ, ਹਾਉ ਪ੍ਰਾਈਮ ਮਿਨਿਸਟਰਸ ਡਿਸਾਈਡ ਸ਼ਾਮਲ ਹਨ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੇਜਰੀਵਾਲ ਨੂੰ ਇਹ ਚੀਜ਼ਾਂ ਜੇਲ੍ਹ ਦੇ ਅੰਦਰ ਮਿਲਣਗੀਆਂ ਜਾਂ ਨਹੀਂ। ‘ਆਪ’ ਮੁਖੀ ਕੇਜਰੀਵਾਲ ਨੂੰ ਅੱਜ ਈਡੀ ਨੇ ਭਰੀ ਅਦਾਲਤ ‘ਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ। ਈਡੀ ਨੇ ਅਦਾਲਤ ਤੋਂ ਕੇਜਰੀਵਾਲ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੁੱਛਗਿੱਛ ਦੌਰਾਨ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ। ਇਸ ਤੋਂ ਬਾਅਦ ਜੱਜ ਨੇ ਉਸ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜਣ ਦਾ ਹੁਕਮ ਦਿੱਤਾ।