ਸ਼ਰਾਬ ਦੇ ਨਸ਼ੇ ਚ ASI ਨੇ PCR ਕਰਮਚਾਰੀਆਂ ਨੂੰ ਦਰੜਿਆ, ਇੱਕ ਦੀ ਮੌਤ ਦੂਜਾ ਹੋਇਆ ਗੰਭੀਰ ਜ਼ਖਮੀ
ਲੁਧਿਆਣਾ 23 ਜੂਨ (ਵਿਸ਼ਵ ਵਾਰਤਾ) : ਲੰਘੀ ਰਾਤ ਲੁਧਿਆਣਾ ਵਿਖੇ ਪੰਜਾਬ ਪੁਲਿਸ ਦੇ ਸ਼ਰਾਬ ਦੇ ਵਿੱਚ ਧੁੱਤ ASI ਵੱਲੋਂ ਤੇਜ਼ ਰਫਤਾਰ ਕਾਰ ਦੇ ਨਾਲ ਪੀਸੀਆਰ ਦੇ ਮੁਲਾਜ਼ਮਾਂ ਨੂੰ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਏਐਸਆਈ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਇਸੇ ਦੌਰਾਨ ਉਸ ਨੇ ਸੜਕ ਦੇ ਕੰਢੇ ਤੇ ਆਈਸਕ੍ਰੀਮ ਖਾ ਰਹੇ ਪੀਸੀਆਰ ਦੇ ਕਰਮਚਾਰੀਆਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਅਤੇ ਆਪਣੀ ਕਾਰ ਨਾਲ ਉਹਨਾਂ ਨੂੰ 15 ਮੀਟਰ ਦੂਰ ਤੱਕ ਖਿੱਚ ਕੇ ਲੈ ਗਿਆ। ਇਸ ਭਿਆਨਕ ਹਾਦਸੇ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇੱਕ ਮੁਲਾਜ਼ਮ ਦਾ ਪੈਰ ਫਰੈਕਚਰ ਹੋ ਗਿਆ ਹੈ। ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਆਕਾਸ਼ਦੀਪ ਦੇ ਤੌਰ ਤੇ ਹੋਈ ਹੈ। ਜਾਣਕਾਰੀ ਮੁਤਾਬਕ ਆਕਾਸ਼ਦੀਪ ਦਾ ਸਿਰ ਕਾਰ ਦੀ ਟਾਇਰ ਥੱਲੇ ਆ ਗਿਆ ਜਿਸ ਕਾਰਨ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਖਮੀ ਕਰਮਚਾਰੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਏਐਸਆਈ ਬਲਵਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ ਦੋ ਦੇ ਵਿੱਚ ਤਨਾਤ ਸੀ, ਅਤੇ ਉਹ ਬੀਤੀ ਰਾਤ ਤਕਰੀਬਨ 12:30 ਵਜੇ ਜਲੰਧਰ ਬਾਈਪਾਸ ਤੋਂ ਆ ਰਿਹਾ ਸੀ। ਨਸ਼ੇ ਦੀ ਹਾਲਤ ਦੇ ਵਿੱਚ ਉਸ ਤੋਂ ਕਾਰ ਕਾਬੂ ਨਹੀਂ ਹੋਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਏਐਸਆਈ ਬਲਵਿੰਦਰ ਸਿੰਘ ਦਾ ਪਿੱਛਾ ਕਰਕੇ ਉਸਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਕਿ,ਹਾਦਸੇ ਸਮੇਂ ਏਐਸਆਈ ਸਿਵਲ ਡਰੈਸ ਦੇ ਵਿੱਚ ਸੀ। ਮੁਲਜ਼ਮ ਨੂੰ ਫੜਨ ਤੋਂ ਬਾਅਦ ਲੋਕਾਂ ਨੇ ਤੁਰੰਤ ਥਾਣਾ ਸਲੇਮ ਟਾਬਰੀ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਐਸਐਚਓ ਜੈਦੀਪ ਜਾਖੜ ਮੌਕੇ ਤੇ ਪਹੁੰਚੇ। ਪੁਲਿਸ ਵੱਲੋਂ ਤੁਰੰਤ ਜਖਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਆਕਾਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਕਾਸ਼ਦੀਪ 2011 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ। ਉਹ ਮੂਲ ਰੂਪ ਦੇ ਵਿੱਚ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ। ਆਕਾਸ਼ਦੀਪ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਏ ਹਨ।