ਸ਼ਰਧਾ ਕਤਲ ਕੇਸ ਦੀ ਚਾਰਜਸ਼ੀਟ ਤਿਆਰ : ਇਸ ਮਹੀਨੇ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ ਦਾਖਲ
ਪੜ੍ਹੋ, ਕਿੰਨੇ ਪੰਨਿਆ ਦੀ ਹੈ ਚਾਰਜਸ਼ੀਟ ਤੇ ਕਿੰਨੇ ਲੋਕਾਂ ਦੇ ਬਿਆਨ ਹਨ ਦਰਜ
ਚੰਡੀਗੜ੍ਹ, 22ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਦੇ ਮਹਿਰੌਲੀ ‘ਚ ਸ਼ਰਧਾ ਵਾਕਰ ਕਤਲ ਮਾਮਲੇ ‘ਚ ਪੁਲਸ ਨੇ ਦੋਸ਼ੀ ਆਫਤਾਬ ਪੂਨਾਵਾਲਾ ਖਿਲਾਫ 3000 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਡਰਾਫਟ ਚਾਰਜਸ਼ੀਟ ਵਿੱਚ 100 ਤੋਂ ਵੱਧ ਲੋਕਾਂ ਦੀ ਗਵਾਹੀ ਦਰਜ ਹੈ। ਇਸ ਵਿੱਚ ਮਹੱਤਵਪੂਰਨ ਇਲੈਕਟ੍ਰਾਨਿਕ ਅਤੇ ਫੋਰੈਂਸਿਕ ਸਬੂਤ ਸ਼ਾਮਲ ਹਨ, ਜੋ ਪੁਲਿਸ ਦੁਆਰਾ ਮਹੀਨਿਆਂ ਦੀ ਜਾਂਚ ਦੌਰਾਨ ਇਕੱਠੇ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਆਫਤਾਬ ਦੇ ਕਬੂਲਨਾਮੇ, ਉਸਦੇ ਨਾਰਕੋ ਟੈਸਟ ਦੇ ਨਤੀਜੇ ਅਤੇ ਫੋਰੈਂਸਿਕ ਟੈਸਟ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਨੂੰਨੀ ਮਾਹਿਰਾਂ ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਮੁਤਾਬਕ ਆਫਤਾਬ ਖਿਲਾਫ ਚਾਰਜਸ਼ੀਟ ਜਨਵਰੀ ਦੇ ਆਖਰੀ ਹਫਤੇ ਦਾਖਲ ਕੀਤੀ ਜਾ ਸਕਦੀ ਹੈ। ਇਸ ਵਿੱਚ ਪੁਲੀਸ ਨੇ ਛਤਰਪੁਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈਆਂ ਹੱਡੀਆਂ ਅਤੇ ਉਨ੍ਹਾਂ ਦੀ ਡੀਐਨਏ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਇਹ ਹੱਡੀਆਂ ਸ਼ਰਧਾ ਦੀਆਂ ਹਨ। ਇਸ ਤੋਂ ਇਲਾਵਾ ਆਫਤਾਬ ਪੂਨਾਵਾਲਾ ਦਾ ਇਕਬਾਲੀਆ ਬਿਆਨ ਅਤੇ ਨਾਰਕੋ ਟੈਸਟ ਦੀ ਰਿਪੋਰਟ ਵੀ ਸ਼ਾਮਲ ਹੈ।























