ਸ਼ਰਧਾ ਕਤਲ ਕੇਸ ; ਆਫਤਾਬ ਦਾ ਨਾਰਕੋ ਟੈਸਟ ਖਤਮ ,ਤਕਰੀਬਨ 2 ਘੰਟੇ ਪੁੱਛੇ ਗਏ ਸਵਾਲ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ) ਸ਼ਰਧਾ ਕਤਲ ਕੇਸ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਪੂਰਾ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬ ਦੇ ਅਸਿਸਟੈਂਟ ਡਾਇਰੈਕਟਰ ਸੰਜੀਵ ਗੁਪਤਾ ਨੇ ਦੱਸਿਆ ਕਿ ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਨਾਰਕੋ ਟੈਸਟ ਵਿੱਚ ਵੀ ਆਫਤਾਬ ਨੇ ਸ਼ਰਧਾ ਨੂੰ ਮਾਰਨ ਦੀ ਗੱਲ ਕਬੂਲੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼ਰਧਾ ਦਾ ਮੋਬਾਈਲ ਅਤੇ ਕੱਪੜੇ ਕਿੱਥੇ ਸੁੱਟੇ ਗਏ ਸਨ। ਦਿੱਲੀ ਪੁਲਸ ਆਫਤਾਬ ਨੂੰ ਸਵੇਰੇ 8.40 ਵਜੇ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲੈ ਗਈ, ਜਿੱਥੇ ਟੈਸਟ ਤੋਂ ਪਹਿਲਾਂ ਉਸ ਦਾ ਜਨਰਲ ਚੈਕਅੱਪ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਨਾਰਕੋ ਟੈਸਟ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟੇ ਬਾਅਦ ਖ਼ਤਮ ਹੋਇਆ। ਮਿਲੀ ਜਾਣਕਾਰੀ ਅਨੁਸਾਰ ਆਫਤਾਬ ਨੇ ਟੈਸਟ ‘ਚ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦੇ ਜਵਾਬ ਅੰਗਰੇਜ਼ੀ ‘ਚ ਦਿੱਤੇ। ਸੰਜੀਵ ਗੁਪਤਾ ਨੇ ਦੱਸਿਆ ਕਿ ਨਾਰਕੋ ਟੈਸਟ ਦੌਰਾਨ ਮਨੋਵਿਗਿਆਨੀ, ਫੋਰੈਂਸਿਕ ਲੈਬ ਰੋਹਿਣੀ ਦੇ ਫੋਟੋ ਮਾਹਿਰ ਅਤੇ ਅੰਬੇਡਕਰ ਹਸਪਤਾਲ ਦੇ ਡਾਕਟਰ ਹਾਜ਼ਰ ਸਨ।























