ਸਹੁੰ ਚੁੱਕਦੇ ਹੀ ਪੀਐਮ ਮੋਦੀ ਨੂੰ ਗੁਆਂਢੀ ਦੇਸ਼ ਤੋਂ ਮਿਲਿਆ ਪਹਿਲਾ ਸੱਦਾ
ਦਿੱਲੀ, 10 ਮਈ (ਵਿਸ਼ਵ ਵਾਰਤਾ):- ਨਰਿੰਦਰ ਮੋਦੀ ਨੇ ਕੱਲ੍ਹ ਰਾਸ਼ਟਰਪਤੀ ਭਵਨ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਦੋਂ ਤੋਂ ਹੀ ਉਨ੍ਹਾਂ ਨੂੰ ਦੇਸ਼-ਵਿਦੇਸ਼ ‘ਚ ਥਾਂ-ਥਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਕੱਲ੍ਹ ਸਹੁੰ ਚੁੱਕ ਸਮਾਗਮ ਵਿੱਚ ਸੱਤ ਵਿਦੇਸ਼ੀ ਆਗੂ ਵੀ ਮੌਜੂਦ ਸਨ। ਇਨ੍ਹਾਂ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਹੁਣ ਸ਼ੇਖ ਹਸੀਨਾ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਵਿੱਖ ਵਿੱਚ ਨਵੀਂ ਸਰਕਾਰ ਨਾਲ ਕੰਮ ਕਰਨਾ ਚਾਹੁੰਦੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੁਹੰਮਦ ਹਸਨ ਮਹਿਮੂਦ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਸਨ ਮਹਿਮੂਦ ਨੇ ਅੱਗੇ ਕਿਹਾ, ਸ਼ੇਖ ਹਸੀਨਾ ਨੇ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਨ-ਟੂ-ਵਨ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਅਤੇ ਐਨਡੀਏ ਨੂੰ ਚੋਣਾਂ ਜਿੱਤਣ ਲਈ ਵਧਾਈ ਦਿੱਤੀ। ਉਹ ਭਵਿੱਖ ਵਿੱਚ ਨਵੀਂ ਸਰਕਾਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੁੰਦੀ ਹੈ।
ਹਸਨ ਮਹਿਮੂਦ ਦਾ ਕਹਿਣਾ ਹੈ ਕਿ ਸ਼ੇਖ ਹਸੀਨਾ ਨੇ ਪੀਐਮ ਮੋਦੀ ਨੂੰ ਬੰਗਲਾਦੇਸ਼ ਆਉਣ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ, ‘ਗੁਆਂਢੀ ਹੋਣ ਦੇ ਨਾਤੇ ਸਾਡੇ ਕੋਲ ਕਈ ਮੌਕੇ ਹਨ। ਸਾਨੂੰ ਆਪਣੇ ਲੋਕਾਂ ਵਿਚਕਾਰ ਸੰਪਰਕ ਮਜ਼ਬੂਤ ਕਰਨੇ ਹੋਣਗੇ, ਸੰਪਰਕ ਦੇ ਮਾਮਲੇ ਵਿੱਚ ਸਾਨੂੰ ਹੋਰ ਵੀ ਕੁਝ ਕਰਨਾ ਹੋਵੇਗਾ ਕਿਉਂਕਿ ਇਸ ਨਾਲ ਬੰਗਲਾਦੇਸ਼ ਅਤੇ ਭਾਰਤ ਦੋਵਾਂ ਨੂੰ ਫਾਇਦਾ ਹੁੰਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੀਐਮ ਹਸੀਨਾ ਸਹੁੰ ਚੁੱਕ ਸਮਾਗਮ ਲਈ ਭਾਰਤ ਪਹੁੰਚਣ ਵਾਲੀ ਪਹਿਲੀ ਵਿਦੇਸ਼ੀ ਨੇਤਾ ਸੀ। ਉਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਬੁਲਾਏ ਗਏ ਉੱਘੇ ਮਹਿਮਾਨਾਂ ਵਿੱਚੋਂ ਇੱਕ ਸੀ।
ਭਾਰਤ ਅਤੇ ਬੰਗਲਾਦੇਸ਼ ਦੇ ਚੰਗੇ ਸਬੰਧ ਹਨ, ਜਿਨ੍ਹਾਂ ਵਿੱਚ ਪੀਐਮ ਮੋਦੀ ਅਤੇ ਸ਼ੇਖ ਹਸੀਨਾ ਦੀ ਅਗਵਾਈ ਵਿੱਚ ਹੋਰ ਸੁਧਾਰ ਹੋਇਆ ਹੈ। ਨਰਿੰਦਰ ਮੋਦੀ ਇਸ ਸਾਲ ਜਨਵਰੀ ਵਿੱਚ ਆਮ ਚੋਣਾਂ ਜਿੱਤਣ ਤੋਂ ਬਾਅਦ ਹਸੀਨਾ ਨੂੰ ਵਧਾਈ ਦੇਣ ਵਾਲੇ ਪਹਿਲੇ ਨੇਤਾਵਾਂ ਵਿੱਚੋਂ ਇੱਕ ਸਨ।