– ਮਿਸ਼ਨ ਤੰਦਰੁਸਤ ਪੰਜਾਬ ਅਧੀਨ 3500 ਸਹਿਕਾਰੀ ਸਭਾਵਾਂ ਨੂੰ ਹਰਿਆਲੀ ਵਧਾਉਣ ਲਈ ਪ੍ਰਦਾਨ ਕੀਤੇ ਜਾਣਗੇ ਬੂਟੇ
– ਪ੍ਰੋ. ਗੁਰਭਜਨ ਸਿੰਘ ਗਿੱਲ ਵਲੋ ਆਪਣੀ ਨਵੀਂ ਛਪੀ ਪੁਸਤਕ ‘ਸੰਧੂਰਦਾਨੀ’ ਸਹਿਕਾਰਤਾ ਮੰਤਰੀ ਨੂੰ ਭੇਟ
ਚੰਡੀਗੜ•, 20 ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਸਹਿਕਾਰਤਾ ਤੇ ਜੇਲ ਪ੍ਰਸ਼ਾਸਨ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮਾਰਕਫੈੱਡ ਮੁੱਖ ਦਫਤਰ ਵਿਖੇ ਸਹਿਕਾਰਤਾ ਲਹਿਰ ਦੇ ਵਿਸ਼ਾਲ ਯੋਗਦਾਨ ਬਾਰੇ ਵਿਚਾਰ -ਵਟਾਂਦਰਾ ਕਰਦਿਆਂ ਕਿਹਾ ਕਿ ਸਹਿਕਾਰਤਾ ਲਹਿਰ ਦਾ ਪੰਜਾਬ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਿਰਫ ਸਹਿਕਾਰੀ ਢਾਂਚੇ ਦੇ ਅਦਾਰੇ ਮਾਰਕਫੈੱਡ, ਮਿਲਕਫੈੱਡ, ਸਹਿਕਾਰੀ ਬੈਂਕ, ਖੇਤੀ ਵਿਕਾਸ ਬੈਂਕ ਤੇ ਸਹਿਕਾਰੀ ਸਭਾਵਾਂ ਦਾ ਤਾਣਾ-ਬਾਣਾ ਸਲਾਨਾ 3 ਲੱਖ 30,000 ਕਰੋੜ ਰੁਪਏ ਦਾ ਕਾਰੋਬਾਰ ਕਰਦਾ ਹੈ, ਇਸ ਵਿਚੋਂ ਮਿਲਕਫੈੱਡ 3500 ਕਰੋੜ ਰੁਪਏ, ਮਾਰਕਫੈੱਡ 12,000 ਕਰੋੜ ਅਤੇ ਬੈਂਕਿੰਗ ਅਦਾਰੇ 36,000 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ।
ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਕੁਝ ਨੀਤੀਗਤ ਫੈਸਲੇ ਕਰਕੇ ਸਭਾਵਾਂ ਦਾ ਆਰਥਿਕ ਪੱਖ ਵੀ ਸੁਧਾਰਿਆ ਜਾਵੇਗਾ। ਪੰਜਾਬ ਵਿੱਚ 3500 ਸਹਿਕਾਰੀ ਸਭਾਵਾਂ ਵਿੱਚ ਸਿਰਫ ਖੇਤੀ ਵਿੱਚ ਵਰਤਣ ਯੋਗ ਸਮਾਨ ਹੀ ਨਹੀਂ ਸਗੋਂ ਘਰ-ਪਰਿਵਾਰ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਸ. ਰੰਧਾਵਾ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ 3500 ਸਹਿਕਾਰੀ ਸਭਾਵਾਂ ਨੂੰ ਹਰਿਆਲੀ ਮਿਸ਼ਨ ਅਧੀਨ ਹਰ ਸੁਸਾਇਟੀ ਵਲੋਂ 10-10 ਬੂਟੇ ਲਗਾਏ ਜਾਣਗੇ, ਪਿੰਡਾਂ ਦੇ ਭੂਮੀਹੀਣ ਕਾਮਿਆਂ ਲਈ ਸਸਤੇ ਦਰਾਂ ਤੇ ਈ-ਰਿਕਸ਼ਾ ਲਈ ਕਰਜਾ ਸਹੂਲਤਾਂ ਤੋਂ ਇਲਾਵਾ, ਪਿੰਡਾਂ ਵਿੱਚ ਸੂਰਜੀ ਉੂਰਜਾ ਪੈਨਲ ਲਗਾਏ ਜਾਣਗੇ। ਸ. ਰੰਧਾਵਾ ਨੇ ਮਾਰਕਫੈੱਡ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਸ਼ੁਰੂ ਕੀਤੇ ਟੈਲੀਵਿਜ਼ਨ ਪ੍ਰੋਗਰਾਮ ‘ਸੋਹਣਾ ਪੰਜਾਬ’ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ, ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਅਤੇ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਸ੍ਰੀ ਬਾਲ ਮੁਕੰਦ ਸ਼ਰਮਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਪਾਸੋਂ ਸਹਿਯੋਗ ਲੈ ਕੇ ਸਹਿਕਾਰਤਾ ਲਹਿਰ ਨੂੰ ਨਵੀਂ ਦਿਸ਼ਾ ਦੇਣਗੇ। ਉਨ•ਾਂ ਆਖਿਆ ਕਿ ਪੇਂਡੂ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਅਧੀਨ ਪਿਛਲੇ ਸਾਲ ‘ਚ 240 ਕਰੋੜ ਰੁਪਏ ਦਾ ਇਲਾਜ ਪ੍ਰਬੰਧ ਕੀਤਾ ਹੈ। ਇਹ ਸਕੀਮ ਹੁਣ 9ਵੇਂ ਸਾਲ ਚ ਪ੍ਰਵੇਸ਼ ਕਰ ਗਈ ਹੈ ਤੇ ਹੁਣ 2 ਸਾਲਾਂ ਦਾ ਪ੍ਰੀਮੀਅਮ 1,497 ਰੁਪਏ ਕੀਤਾ ਗਿਆ ਹੈ, ਜਦੋਂ ਕਿ ਪਹਿਲਾਂ ਇਹ ਸਲਾਨਾ 1,197 ਰੁਪਏ ਸੀ।
ਪੰਜਾਬ ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਰਾਹੁਲ ਤਿਵਾੜੀ ਨੇ ਸ. ਰੰਧਾਵਾ ਨੂੰ ਮਾਰਕਫੈੱਡ ਦੀ ਕਾਰਗੁਜਾਰੀ ਅਤੇ ਤਿਆਰ ਕੀਤੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਮਾਰਕਫੈੱਡ ਉਤਪਾਦ ਪਿੰਡ-ਪਿੰਡ, ਘਰ-ਘਰ ਪਹੁੰਚਾਉਣਾ ਸਾਡਾ ਮੁੱਖ ਮਕਸਦ ਹੈ। ਇਸ ਮੌਕੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ, ਡਾ: ਐਸ.ਕੇ.ਬਾਤਿਸ਼, ਮਾਰਕਫੈੱਡ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ), ਅਮਰਜੀਤ ਸਿੰਘ ਸੇਖੋਂ ਅਤੇ ਮਾਰਕਫੈੱਡ ‘ਸੋਹਣਾ ਪੰਜਾਬ’ ਪ੍ਰੋਗਰਾਮ ਦੇ ਸਲਾਹਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਕਈ ਹੋਰ ਅਧਿਕਾਰੀ ਹਾਜਰ ਸਨ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੀ ਨਵੀਂ ਛਪੀ ਪੁਸਤਕ ‘ਸੰਧੂਰਦਾਨੀ’ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਮਾਰਕਫੈੱਡ ਦੇ ਪ੍ਰਬੰਧਕ ਨਿਰਦੇਸ਼ਕ ਸ੍ਰੀ ਰਾਹੁਲ ਤਿਵਾੜੀ, ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਸ੍ਰੀ ਬਾਲ ਮੁਕੰਦ ਸ਼ਰਮਾ, ਪੰਜਾਬ ਖੇਤੀ ਯੂਨੀਵਰਸਿਟੀ ਦੇ ਨਿਰਦੇਸ਼ਕ, ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਅਤੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਅਮਰਜੀਤ ਸਿੰਘ ਸੇਖੋਂ ਨੂੰ ਭੇਟ ਕੀਤੀ।