ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਰ ਕੇ ਰਾਜਿੰਦਰ ਸਿੰਘ ਬਡਹੇੜੀ ਨੇ ਉਠਾਏ ਕਿਸਾਨਾਂ ਨਾਲ ਸਬੰਧਤ ਮਸਲੇ
ਖਰੜ ਤਹਿਸੀਲ, ਜ਼ਿਲ੍ਹਾ ਮੋਹਾਲੀ ਦੇ ਪਿੰਡਾਂ ਦੇ ਬਾਕੀ ਰਹਿੰਦੇ ਕਿਸਾਨਾਂ ਦੀ ਕਰਜ਼ਾ–ਮੁਆਫ਼ੀ ਬਾਰੇ ਮੰਤਰੀ ਨੇ ਦਿੱਤਾ ਪੱਕਾ ਭਰੋਸਾ

ਚੰਡੀਗੜ੍ਹ 31 ਮਾਰਚ : ਉੱਘੇ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ਗਾਹ ’ਤੇ ਮੁਲਾਕਾਤ ਕੀਤੀ। ਉਨ੍ਹਾਂ ਤਹਿਸੀਲ ਖਰੜ ਤੇ ਮੋਹਾਲੀ ਨਾਲ ਸਬੰਧਤ ਵਿਕਾਸ ਕਾਰਜਾਂ ਤੇ ਕਰਜ਼ਾ–ਮੁਆਫ਼ੀ ਦੇ ਕੇਸਾਂ ਨਾਲ ਸਬੰਧਤ ਮਸਲਿਆਂ ਬਾਰੇ ਗੱਲਬਾਤ ਕੀਤੀ।
ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜੋ ਸ. ਬਡਹੇੜੀ ਦੇ ਬਹੁਤ ਵਧੀਆ ਦੋਸਤ ਵੀ ਹਨ, ਨੇ ਅੱਗਿਓਂ ਬਹੁਤ ਵਧੀਆ ਹੁੰਗਾਰਾ ਦਿੰਦਿਆਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਸਹਿਕਾਰੀ ਬੈਂਕਾਂ ਨਾਲ ਸਬੰਧਤ ਕਰਜ਼ਾ–ਮੁਆਫ਼ੀਆਂ ਦੇ ਬਕਾਇਆ ਰਹਿੰਦੇ ਸਾਰੇ ਮਾਮਲਿਆਂ ਦਾ ਤੁਰੰਤ ਨਿਬੇੜਾ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਅੰਨਦਾਤਾ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਸ. ਰੰਧਾਵਾ ਨੇ ਗੱਲਬਾਤ ਭਰੋਸਾ ਦਿਵਾਇਆ ਕਿ ਇਸ ਇਲਾਕੇ ਸਮੇਤ ਸਮੁੱਚੇ ਪੰਜਾਬ ਦੇ ਕਿਸਾਨਾਂ ਦੀ ਹਰੇਕ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਸ. ਬਡਹੇੜੀ ਨੇ ਪਿੰਡ ਖ਼ਿਜ਼ਰਾਬਾਦ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਮੁੱਦਾ ਵੀ ਉਠਾਇਆ ਤੇ ‘ਖ਼ਿਜ਼ਰਾਬਾਦ ਸਹਿਕਾਰੀ ਖੇਤੀ ਸੇਵਾ ਸੁਸਾਇਟੀ’ ਦੇ ਮੈਂਬਰ ਦੀ ਖ਼ਾਲੀ ਪਈ ਆਸਾਮੀ ਭਰਨ ਦੀ ਬੇਨਤੀ ਕੀਤੀ। ਮੰਤਰੀ ਸ. ਰੰਧਾਵਾ ਨੇ ਤੁਰੰਤ ਮੋਹਾਲੀ ਜ਼ਿਲ੍ਹੇ ਦੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨਾਲ ਗੱਲ ਕਰ ਕੇ ਇਸ ਮਾਮਲੇ ’ਚ ਫੌਰੀ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ।






















