ਸਵਾਤੀ ਮਾਲੀਵਾਲ ਮਾਮਲੇ ‘ਚ ਅਦਾਲਤ ਨੇ ਵਿਭਵ ਕੁਮਾਰ ਨੂੰ ਭੇਜਿਆ ਚਾਰ ਦਿਨ ਦੀ ਨਿਆਂਇਕ ਹਿਰਾਸਤ ‘ਚ
ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਮਾਮਲੇ ‘ਚ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਚਾਰ ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਤੀਸ ਹਜ਼ਾਰੀ ਅਦਾਲਤ ਦੇ ਹੁਕਮਾਂ ਅਨੁਸਾਰ ਵਿਭਵ ਕੁਮਾਰ 28 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਰਹੇਗਾ। ਵਿਭਵ ਨੂੰ ਅੱਜ ਯਾਨੀ ਕਿ ਅੱਜ 24 ਮਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪੁਲਿਸ ਨੇ ਚਾਰ ਦਿਨਾਂ ਲਈ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਗੌਰਤਲਬ ਹੈ ਕਿ 18 ਮਈ ਨੂੰ ਦਿੱਲੀ ਪੁਲਿਸ ਨੇ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 19 ਮਈ ਨੂੰ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਸੀ ਕਿ 13 ਮਈ ਨੂੰ ਮੁੱਖ ਮੰਤਰੀ ਨਿਵਾਸ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਘਟਨਾ ਦੇ ਪੰਜ ਦਿਨ ਬਾਅਦ ਦੋਸ਼ੀ ਵਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਗਰੋਂ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ। ਉੱਤਰੀ ਦਿੱਲੀ ਦੀ ਡੀਸੀਪੀ ਅੰਜਿਤਾ ਚੇਪਿਆਲਾ ਐਸਆਈਟੀ ਦੀ ਅਗਵਾਈ ਕਰ ਰਹੀ ਹੈ। ਟੀਮ ਵਿੱਚ 3 ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਹਨ। ਇਨ੍ਹਾਂ ਵਿੱਚ ਥਾਣਾ ਸਿਵਲ ਲਾਈਨ ਦਾ ਅਧਿਕਾਰੀ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ। ਐਸਆਈਟੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੀਨੀਅਰਾਂ ਨੂੰ ਸੌਂਪੇਗੀ।