ਸਵਾਤੀ ਮਾਲੀਵਾਲ ਕੁੱਟਮਾਰ ਦਾ ਮਾਮਲਾ – ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੀ ਕੋਰਟ ‘ਚ ਪੇਸ਼ੀ ਅੱਜ
ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਅੱਜ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ ਅਦਾਲਤ ਨੇ 18 ਮਈ ਨੂੰ ਉਸ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਅੱਜ ਰਿਮਾਂਡ ਖ਼ਤਮ ਹੋ ਰਿਹਾ ਹੈ। ਦਿੱਲੀ ਪੁਲਿਸ ਅੱਜ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ ਕੇਜਰੀਵਾਲ ਦੀ ਪਤਨੀ ਅਤੇ ਉਸਦੇ ਮਾਤਾ-ਪਿਤਾ ਤੋਂ ਵੀ ਪੁੱਛਗਿੱਛ ਕਰੇਗੀ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ 13 ਮਈ ਨੂੰ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੇ ਸੀਐਮ ਹਾਊਸ ਵਿੱਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 16 ਮਈ ਨੂੰ ਐਫਆਈਆਰ ਦਰਜ ਕੀਤੀ ਸੀ। ਵਿਭਵ ਨੂੰ 18 ਮਈ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।