ਸਰਦਾਰਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਕਿਰਨ ਬੇਦੀ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਾਨੂੰਨੀ ਨੋਟਿਸ ਭੇਜਣ ਦੀ ਕਹੀ ਗੱਲ
ਚੰਡੀਗੜ੍ਹ,16 ਜੂਨ(ਵਿਸ਼ਵ ਵਾਰਤਾ)ਸਾਬਕਾ ਆਈ. ਪੀ. ਐਸ. ਅਫਸਰ ਕਿਰਨ ਬੇਦੀ ਵੱਲੋਂ ਸਿੱਖਾਂ(ਸਰਦਾਰਾਂ)ਪ੍ਰਤੀ ਕੀਤੀ ਗਈ ਟਿੱਪਣੀ ‘ਤੇ ਸਖਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲਗ ਸਕੇ ਕਿ ਅਬਦਾਲੀ ਦੇ ਰਾਜ ਸਮੇਂ ਜਦੋਂ ਧਾੜਵੀ ਹਿੰਦੋਸਤਾਨ ਤੇ ਹਮਲਾ ਕਰਕੇ ਇਥੋਂ ਦਾ ਕੀਮਤੀ ਸਮਾਨ ਅਤੇ ਔਰਤਾਂ ਨੂੰ ਗਜਨੀ ਦੇ ਬਜਾਰਾਂ ਵਿਚ ਵੇਚਣ ਲਈ ਲੁੱਟ ਕੇ ਲੈ ਜਾਂਦੇ ਸਨ ਤਾਂ ਲੋਕਾਂ ਦੀ ਰਖਵਾਲੀ ਲਈ ਸਦਾ ਤੱਤਪਰ ਰਹਿਣ ਵਾਲੇ ਸਿੰਘ ਰਾਤ 12 ਵਜੇ ਧਾੜਵੀਆਂ ‘ਤੇ ਹਮਲਾ ਕਰਕੇ ਲੁੱਟ ਦਾ ਸਮਾਨ ਅਤੇ ਔਰਤਾਂ ਨੂੰ ਛੁੱਡਵਾ ਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਦਾ ਮੂਲ ਪੰਜਾਬ ਨਾਲ ਜੁੜਦਾ ਹੈ ਇਸ ਉਹਨਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਸਮਝ ਹੋਣੀ ਚਾਹੀਦੀ ਹੈ। ਪਰ ਕਿਰਨ ਬੇਦੀ ਦੀ ਸਿੱਖਾਂ ਬਾਰੇ ਕੀਤੀ ਟਿੱਪਣੀ ਹੈਰਾਨੀਜਨਕ ਤੇ ਸ਼ਰਮਨਾਕ ਹੈ, ਜਿਸ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ ਤਾਂ ਜੋ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ |






















