ਸਰਕਾਰ ਨੇ ਰਾਜ ਵਿੱਚ ਪੈਟਰੋਲ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ

ਚੰਡੀਗੜ੍ਹ, 13ਅਗਸਤ(ਵਿਸ਼ਵ ਵਾਰਤਾ)- ਅੱਜ ਤੋਂ ਤਾਮਿਲਨਾਡੂ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਜ ਦੇ ਵਿੱਤ ਮੰਤਰੀ ਪੀਟੀਆਰ ਪਲਾਨੀਵੇਲ ਤਿਆਗਰਾਜਨ ਨੇ ਰਾਜ ਦੇ ਇਤਿਹਾਸ ਵਿੱਚ ਆਪਣਾ ਪਹਿਲਾ ਈ-ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਕੁਝ ਮੁੱਦਿਆਂ ਤੇ ਵਿਸ਼ੇਸ਼ ਚਰਚਾ ਹੈ। ਇਸ ਬਜਟ ਸੈਸ਼ਨ ਦੇ ਦੌਰਾਨ ਤਾਮਿਲਨਾਡੂ ਸਰਕਾਰ ਨੇ ਪੈਟਰੋਲ ਟੈਕਸ 3 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਵੱਡਾ ਐਲਾਨ ਕੀਤਾ ਹੈ। ਦੱਸ ਦੱਈਏ ਕਿ ਇਸ ਕਾਰਨ ਹੁਣ ਰਾਜ ਨੂੰ ਹਰ ਸਾਲ 1160 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਇਸ ਦੇ ਨਾਲ ਹੀ ਬਜਟ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਜਣੇਪਾ ਛੁੱਟੀ 9 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਜਲਵਾਯੂ ਪਰਿਵਰਤਨ ਲਈ ਕੇਂਦਰ 500 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ। 20,000 ਕਰੋੜ ਰੁਪਏ ਰਾਜ ਦੇ ਸਾਰੇ ਸਵੈ-ਸਹਾਇਤਾ ਸਮੂਹਾਂ ਨੂੰ ਕ੍ਰੈਡਿਟ ਦੇ ਰੂਪ ਵਿੱਚ ਵੰਡੇ ਜਾਣਗੇ।

ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ 79,395 ਛੋਟੇ ਪਿੰਡਾਂ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 55 ਲੀਟਰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ 27 ਸ਼ਹਿਰਾਂ ਵਿੱਚ ਭੂਮੀਗਤ ਨਿਕਾਸੀ ਯੋਜਨਾ ਲਾਗੂ ਕੀਤੀ ਜਾਵੇਗੀ।






















