ਜਨਤਾ ਦੀ ਮੰਗ ‘ਤੇ ਨਹੀਂ ਬਿਲਡਰਾਂ ਦੀ ਮਰਜ਼ੀ ਨਾਲ ਬਣਦੀਆਂ ਹਨ ਸੜਕਾਂ
ਵੀਕਐਂਡ‘ਤੇ ਹੀ ਹੁੰਦੇ ਹਨ ਨਜ਼ਾਇਜ਼ ਨਿਰਮਾਣ, ਸੋਮਵਾਰ ਨੂੰ ਕੌ਼ਸਲ ਕਰਦੀ ਹੈ ਖਾਨਾਪੂਰਤੀ
ਜੁਆਇੰਟ ਐਕਸ਼ਨ ਕਮੇਟੀ ਨੇ ਉਠਾਈ ਵਿਜੀਲੈਂਸ ਜਾਂਚ ਦੀ ਮੰਗ
ਜ਼ੀਰਕਪੁਰ। (ਵਿਸ਼ਵ ਵਾਰਤਾ, ਸਤੀਸ਼ ਕੁਮਾਰ ਪਾਪੀ ) ਪੰਜਾਬ ਦੇ ਪ੍ਰਵੇਸ਼ ਦੁਆਰ ‘ਤੇ ਸਥਿਤ ਜ਼ੀਰਕਪੁਰ ਵਿੱਚ ਲਗਾਤਾਰ ਹੋ ਰਹੀਆਂ ਨਜ਼ਾਇਜ਼ ਉਸਾਰੀਆਂ ਤੋਂ ਸਾਫ ਹੋ ਗਿਆ ਹੈ ਕਿ ਇੱਥੇ ਸਰਕਾਰ ਦੇ ਨਹੀਂ ਬਲਕਿ ਬਿਡਲਰਾਂ ਦੇ ਕਾਨੂੰਨ ਚਲਦੇ ਹਨ। ਨਗਰ ਕੌ਼ਸਲ ਦੇ ਅਧਿਕਾਰੀ ਨਜ਼ਾਇਜ਼ ਉਸਾਰੀਆਂ ਦੇ ਪ੍ਰਤੀ ਅੱਖਾਂ ਬੰਦ ਕਰਕੇ ਬੈਠੇ ਹਨ। ਆਲਮ ਇਹ ਹੈ ਕਿ ਜ਼ੀਰਕਪੁਰ ‘ਚ ਡੀਪੀਐਸ ਮਾਰਗ ਸਮੇਤ ਕਈ ਸਥਾਨਾਂ ‘ਤੇ ਧੜੱਲੇ ਨਾਲ ਨਜ਼ਾਇਜ਼ ਨਿਰਮਾਣ ਹੋ ਰਹੇ ਹਨ ਅਤੇ ਨਗਰ ਕੌ਼ਸਲ ‘ਚ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਵਾਲੇ ਅਧਿਕਾਰੀ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ।
ਲੋਕਾਂ ਦੀ ਇਸ ਸਮੱਸਿਆ ਨੂੰ ਉਚ ਅਧਿਕਾਰੀਆਂ ਦੇ ਸਾਹਮਣੇ ਉਠਾਉਣ ਦਾ ਐਲਾਨ ਕਰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਡੀਪੀਐਸ ਮਾਰਗ ‘ਤੇ ਨਜ਼ਾਇਜ਼ ਉਸਾਰੀਆਂ ਹੋ ਰਹੀਆਂ ਹਨ। ਇੱਥੇ ਕਈ ਥਾਵਾਂ ‘ਤੇ ਪ੍ਰੋਜੈਕਟ ਦੇ ਵਿਚੋ-ਵਿਚ 11 ਹਜ਼ਾਰ ਕੇਵੀ ਦੀਆਂ ਤਾਰਾਂ ਨਿਕਲ ਰਹੀਆਂ ਹਨ। ਜਿਸ ਨਾਲ ਨਿਰਮਾਣ ਕਾਰੀਗਰਾਂ ‘ਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿੱਚ ਆਮ ਤੌਰ ‘ਤੇ ਸ਼ੁੱਕਰਵਾਰ ਨੂੰ ਨਜ਼ਾਇਜ਼ ਨਿਰਮਾਣ ਸ਼ੁਰੂ ਹੁੰਦੇ ਹਨ ਅਤੇ ਸੋਮਵਾਰ ਤੱਕ ਛੱਤ ਪਾ ਦਿੱਤੀ ਜਾਂਦੀ ਹੈ। ਇਸਦੇ ਬਾਵਜੂਦ ਨਗਰ ਕੌ਼ਸਲ ਦਾ ਅਮਲਾ ਸਿਰਫ ਕਾਗਜਾਂ ਵਿੱਚ ਕਾਰਵਾਈ ਕਰਦਾ ਹੈ।
ਪਿਛਲੇ ਦਿਨੀਂ ਬਿਲਡਰਾਂ ਵੱਲੋਂ ਬਣਾਈਆਂ ਗਈਆਂ ਨਜ਼ਾਇਜ਼ ਸੀਵਰ ਲਾਈਨਾਂ ਨੂੰ ਤੁੜਵਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿੱਚ ਆਮ ਜਨਤਾ ਜਦੋਂ ਸੜਕ ਨਿਰਮਾਣ ਦੀ ਮੰਗ ਕਰਦੀ ਹੈ ਤਾਂ ਉਸਨੂੰ ਠੰਡੇ ਬਸਤੇ ‘ਚ ਪਾ ਦਿੱਤਾ ਜਾਂਦਾ ਹੈ ਅਤੇ ਬਿਲਡਰਾਂ ਦੀ ਮੰਗ ‘ਤੇ ਨਗਰ ਕੌ਼ਸਲ ਵਲੋੰ ਰਾਤੋ ਰਾਤ ਸੜਕ ਨਿਰਮਾਣ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਨਗਰ ਪ੍ਰੀਸ਼ਦ ਦਾ ਨਕਸ਼ਾ ਪਾਸ ਕਰਨ ਵਾਲਾ ਵਿੰਗ ਦਸਤਾਵੇਜਾਂ ਦੀ ਜਾਂਚ ਦੇ ਬਗੈਰ ਹੀ ਨਕਸ਼ਾ ਪਾਸ ਕਰ ਰਿਹਾ ਹੈ।
ਸੁਖਦੇਵ ਚੌਧਰੀ ਦੇ ਅਨੁਸਾਰ ਬਿਲਡਰਾਂ ਨੇ ਇਹ ਮਾਸਟਰ ਪਲਾਨ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸੜਕ ਮਾਰਗ ਨੂੰ ਘੱਟ ਕਰਕੇ ਇੱਥੇ ਪੱਕੇ ਨਿਰਮਾਣ ਤੱਕ ਦਿੱਤੇ ਗਏ ਹਨ। ਨਗਰ ਕੌ਼ਸਲ ਦੇ ਅਧਿਕਾਰੀ ਮੂਕ ਦਰਸ਼ਕ ਬਣ ਗਏ ਹਨ। ਉਨ੍ਹਾਂ ਨੇ ਜ਼ੀਰਕਪੁਰ ਵਿੱਚ ਨਗਰ ਪ੍ਰੀਸ਼ਦ ਦੀ ਮਿਲੀ ਭੁਗਤ ਨਾਲ ਹੋ ਰਹੇ ਨਜ਼ਾਇਜ਼ ਨਿਰਮਾਣਾਂ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਇਸ ਮੁੱਦੇ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।






















