ਸਰਕਾਰ ਦੀਆਂ ਮਾਰੂ ਨੀਤੀਆਂ ਨੇ ਲਈ ਇਕ ਹੋਰ ਜਾਨ

ਜਲੰਧਰ 4 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) -ਸ਼ਾਹਕੋਟ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ ਜਲੰਧਰ ਦੇ ਸੰਗਠਨ ਸਕੱਤਰ ਕੁਲਦੀਪ ਰਾਏ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀ ਪਤਨੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾ ਇਨ੍ਹਾਂ ਦਾ ਪੁੱਤਰ ਸੰਦੀਪ ਕੁਮਾਰ ਦਿੱਲੀ ਕਿਸਾਨ ਅੰਦੋਲਨ ਤੋਂ ਵਾਪਸ ਆਉਂਦੇ ਹੋਏ ਸ਼ਹੀਦ ਹੋ ਗਿਆ ਸੀ ਜਿਸ ਦਾ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਸੀ। ਪਰ ਮਾੜੀਆਂ ਸਰਕਾਰਾਂ ਨੇ ਪੀੜਤ ਪਰਿਵਾਰ ਦੀ ਸਾਰ ਨਾ ਲਈ ਤੇ ਸ਼ਹੀਦ ਸੰਦੀਪ ਕੁਮਾਰ ਦੇ ਭੋਗ ‘ਤੇ 5 ਲੱਖ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਤਕ ਕੋਈ ਵੀ ਅਧਿਕਾਰੀ ਮੁਆਵਜ਼ੇ ਦੀ ਰਕਮ ਲੈ ਕੇ ਨਹੀਂ ਪੁੱਜਾ। ਜਦ ਕਿ ਸਾਰੇ ਪੰਜਾਬ ‘ਚ ਸਾਰੇ ਸ਼ਹੀਦਾਂ ਨੂੰ ਮੁਆਵਜ਼ੇ ਦਿੱਤੇ ਜਾ ਚੁੱਕੇ ਹਨ ਪਰ ਕਮੇਟੀ ਨੇ ਇਹ ਐਲਾਨ ਕੀਤਾ ਸੀ ਕਿ ਕੋਈ ਵੀ ਮੰਤਰੀ ਮੁਆਵਜ਼ੇ ਦੀ ਰਕਮ ਲੈ ਕੇ ਨਾ ਆਵੇ ਅਤੇ ਸਰਕਾਰੀ ਅਧਿਕਾਰੀ ਹੀ ਮੁਆਵਜ਼ੇ ਦੀ ਰਕਮ ਲੈ ਕੇ ਆਉਣ। ਇਸ ‘ਤੇ ਸਰਕਾਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਤੋਂ ਪਰੇਸ਼ਾਨ ਹੋ ਕੇ ਬੀਤੀ ਰਾਤ ਵੀਨਾ ਰਾਣੀ ਨੇ ਆਤਮ ਹੱਤਿਆ ਕਰ ਲਈ। ਉਹ 51 ਸਾਲ ਦੇ ਸਨ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਹੋਰ ਕਿੰਨੇ ਪਰਿਵਾਰਾਂ ਨੂੰ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਨਾ ਪਵੇਗਾ।






















