ਸਬ-ਇੰਸਪੈਕਟਰ ਭਰਤੀ ਮਾਮਲੇ ਵਿੱਚ ਦੇਸ਼ ਭਰ ਵਿੱਚ 30 ਤੋਂ ਵੱਧ ਥਾਵਾਂ ਤੇ ਸੀਬੀਆਈ ਦੀ ਛਾਪੇਮਾਰੀ
ਚੰਡੀਗੜ੍ਹ,13 ਸਤੰਬਰ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ‘ਚ ਸਬ-ਇੰਸਪੈਕਟਰ ਭਰਤੀ ਨਾਲ ਜੁੜੇ ਮਾਮਲੇ ‘ਚ ਸੀਬੀਆਈ ਨੇ ਅੱਜ ਦੇਸ਼ ਭਰ ‘ਚ 30 ਤੋਂ ਵੱਧ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਵੀ 3 ਥਾਵਾਂ ‘ਤੇ ਛਾਪੇਮਾਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਸੀਬੀਆਈ ਦੀਆਂ ਟੀਮਾਂ ਇਸ ਮਾਮਲੇ ‘ਚ ਛਾਪੇਮਾਰੀ ਕਰਨ ਲਈ ਕਰਨਾਲ ਦੇ ਸੈਕਟਰ-9 ਸਥਿਤ 1694 ਨੰਬਰ ਕੋਠੀ ‘ਤੇ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵੀ ਕਾਰਵਾਈ ਜਾਰੀ ਹੈ।ਸੀਬੀਆਈ ਦੀਆਂ ਟੀਮਾਂ ਨੇ ਸਵੇਰੇ 7 ਵਜੇ ਸਾਰੇ ਠਿਕਾਣਿਆਂ ‘ਤੇ ਦਸਤਕ ਦਿੱਤੀ। ਰੇਵਾੜੀ ਦੇ ਮਾਡਲ ਟਾਊਨ ਸਥਿਤ ਸੀਏ ਅਜੈ ਕੁਮਾਰ ਦੀ ਕੋਠੀ ਤੋਂ ਇਲਾਵਾ 2 ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦੀ 6 ਮੈਂਬਰੀ ਟੀਮ ਰੇਵਾੜੀ ਪਹੁੰਚੀ, ਜੋ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ।ਜਿਕਰਯੋਗ ਹੈ ਕਿ ਮਾਰਚ 2022 ਵਿੱਚ ਜੰਮੂ-ਕਸ਼ਮੀਰ ਵਿੱਚ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਵਿੱਚ ਗੜਬੜੀ ਹੋਈ ਸੀ। ਜਿਸ ਤੋਂ ਬਾਅਦ ਮਾਮਲਾ ਸੀ.ਬੀ.ਆਈ. ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਅੱਜ ਜੰਮੂ-ਕਸ਼ਮੀਰ, ਗਾਂਧੀਨਗਰ, ਗਾਜ਼ੀਆਬਾਦ, ਬੈਂਗਲੁਰੂ, ਦਿੱਲੀ ਅਤੇ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਰੇਵਾੜੀ, ਕਰਨਾਲ ਅਤੇ ਮਹਿੰਦਰਗੜ੍ਹ ਸਮੇਤ 33 ਥਾਵਾਂ ‘ਤੇ ਸਵੇਰੇ ਇੱਕੋ ਸਮੇਂ ਛਾਪੇਮਾਰੀ ਕੀਤੀ।