ਸਪੇਨ ਦੇ ਰਾਸ਼ਟਰਪਤੀ ਪਹੁੰਚੇ ਵਡੋਦਰਾ, PM ਮੋਦੀ ਨਾਲ ਕਰਨਗੇ ਰੋਡ ਸ਼ੋਅ
ਵਡੋਦਰਾ,28 ਅਕਤੂਬਰ(ਵਿਸ਼ਵ ਵਾਰਤਾ): ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਐਤਵਾਰ ਰਾਤ ਗੁਜਰਾਤ ਦੇ ਵਡੋਦਰਾ ਪਹੁੰਚ ਗਏ। ਉਨ੍ਹਾਂ ਦਾ ਜਹਾਜ਼ ਕਰੀਬ ਡੇਢ ਵਜੇ ਵਡੋਦਰਾ ਹਵਾਈ ਅੱਡੇ ‘ਤੇ ਉਤਰਿਆ। ਸਪੇਨ ਦੇ ਰਾਸ਼ਟਰਪਤੀ ਪੇਡਰੋ ਪਹਿਲੀ ਵਾਰ ਭਾਰਤ ਦੇ ਅਧਿਕਾਰਤ ਦੌਰੇ ‘ਤੇ ਪਹੁੰਚੇ ਹਨ। ਸਪੇਨ ਪਰਤਣ ਤੋਂ ਪਹਿਲਾਂ ਉਹ ਮੰਗਲਵਾਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵੀ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਸੋਮਵਾਰ ਸਵੇਰੇ ਵਡੋਦਰਾ ਵਿੱਚ ਟਾਟਾ ਐਡਵਾਂਸਡ ਸਿਸਟਮ ਲਿਮਟਿਡ (TASL) ਦਾ ਸਾਂਝੇ ਤੌਰ ‘ਤੇ ਉਦਘਾਟਨ ਕਰਨਗੇ। ਸਾਂਚੇਜ਼ ਏਅਰਪੋਰਟ ਤੋਂ ਟਾਟਾ ਪਲਾਂਟ ਤੱਕ ਕਰੀਬ 2.5 ਕਿਲੋਮੀਟਰ ਤੱਕ ਪ੍ਰਧਾਨ ਮੰਤਰੀ ਮੋਦੀ ਨਾਲ ਰੋਡ ਸ਼ੋਅ ਵੀ ਕਰਨਗੇ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।
ਦੋਵੇਂ ਨੇਤਾ ਵਡੋਦਰਾ ਦੇ ਇਤਿਹਾਸਕ ਲਕਸ਼ਮੀ ਵਿਲਾਸ ਪੈਲੇਸ ਦਾ ਵੀ ਦੌਰਾ ਕਰਨਗੇ। ਇੱਥੇ ਉਹ ਵਿਦੇਸ਼ ਮੰਤਰਾਲੇ (MEA) ਦੁਆਰਾ ਆਯੋਜਿਤ ਦੁਵੱਲੀ ਬੈਠਕ ਵਿੱਚ ਹਿੱਸਾ ਲੈਣਗੇ। ਅਧਿਕਾਰੀਆਂ ਮੁਤਾਬਕ ਪੈਲੇਸ ‘ਚ ਹੀ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੁਆਰਾ ਸਾਂਝੇ ਕੀਤੇ ਪ੍ਰੋਗਰਾਮ ਦੇ ਅਨੁਸਾਰ, ਸਾਂਚੇਜ਼ ਬੁੱਧਵਾਰ ਨੂੰ ਲਗਭਗ 12:30 ਵਜੇ ਸਪੇਨ ਲਈ ਰਵਾਨਾ ਹੋਣਗੇ।























