ਕਰਦਿਆਂ ਬਠਿੰਡਾ ’ਚ ਰੋਸ ਪ੍ਰਦਰਸ਼ਨਆਗੂਆਂ ਨੇ ਕਿਹਾ ਕਿ ਜੇਕਰ ਕਪਾਹ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ’ਤੇ ਨਾ ਹੋਈ ਤਾਂ ਫਿਰ ਸ਼੍ਰੋਮਣੀ ਅਕਾਲੀ ਸੀ ਸੀ ਆਈ ਤੇ ਕਾਂਗਰਸ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਪ੍ਰਦਰਸ਼ਨ ਸ਼ੁਰੂ ਕਰੇਗਾਮੁੱਖ ਮੰਤਰੀ ਵੱਲੋਂ ਕਪਾਹ ਉਤਪਾਦਕ ਕਿਸਾਨਾਂ ਦੀ ਸਾਰ ਨਾ ਲੈਣ ਦੀ ਕੀਤੀ ਨਿਖੇਧੀ
ਬਠਿੰਡਾ, 21 ਸਤੰਬਰ ( ਕੁਲਬੀਰ ਬੀਰਾ ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਕਪਾਹ ਦੀ ਮੁੱਖ ਖਰੀਦ ਮੰਡੀ ਅੱਗੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਅਤੇ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ। ਇਹ ਧਰਨਾ ਕਿਸਾਨਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਕਿ ਉਹਨਾਂ ਨੂੰ ਕਪਾਹ 5400 ਰੁਪਏ ਪ੍ਰਤੀ ਕੁਇੰਟਲ ਦੇ ਨਿਸ਼ਚਿਤ ਘੱਟੋ ਘੱਟ ਸਮਰਥਨ ਮੁੱਲ ਤੋਂ 1000 ਤੋਂ 1500 ਰੁਪਏ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਨੂੰ ਵੇਖਦਿਆਂ ਦਿੱਤਾ ਗਿਆ।
ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਸਮੇਤ ਕਾਂਗਰਸੀ ਆਗੂਆਂ ਨੇ ਸੀ ਸੀ ਆਈ ਤੇ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਕੀਮਤ ’ਤੇ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਹਨਾਂ ਦੇ ਵਾਜਬ ਬਕਾਏ ਨਾ ਦਿੱਤੇ ਗਏ ਤਾਂ ਫਿਰ ਸੂਬਾ ਪੱਧਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਅਕਾਲੀ ਆਗੂਆਂ ਨੇ ਮੁੱਖ ਖਰੀਦ ਮੰਡੀ ਦਾ ਦੌਰਾ ਕੀਤਾ ਤੇ ਬੋਲੀ ਵਿਚ ਵੀ ਭਾਗ ਲਿਆ ਤਾਂ ਕਿ ਸਹੀ ਤਸਵੀਰ ਸਾਹਮਣੇ ਆ ਸਕੇ। ਉਹਨਾਂ ਨੇ ਸੀ ਸੀਆਈ ਦੇ ਖੇਤਰੀ ਦਫਤਰ ਦਾ ਵੀ ਦੌਰਾ ਕੀਤਾ ਤਾਂ ਜੋ ਪੁੱਛਿਆ ਜਾ ਸਕੇ ਕਿ ਸੀ ਸੀ ਸੀ ਆਈ ਨੇ ਆਪਣੀ ਜ਼ਿੰਮੇਵਾਰੀ ਕਿਉਂ ਛੱਡ ਦਿੱਤੀ ਤੇ ਖਰੀਦ ਮੰਡੀ ਵਿਖੇ ਸੀ ਸੀ ਆਈ ਦਾ ਕੋਈ ਅਧਿਕਾਰੀ ਮੌਜੂਦ ਕਿਉਂ ਨਹੀਂ ਸੀ। ਸ੍ਰੀ ਕੰਵਰਜੀਤ ਬਰਕੰਦੀ ਤੇ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਾਣ ਬੁੱਝ ਕੇ ਸੀ ਸੀ ਆਈ ਦੇ ਅਧਿਕਾਰੀਆਂ ਦੀ ਗੈਰ ਹਾਜ਼ਰੀ ਕਾਰਨ ਕਿਸਾਨ ਜੋ ਮੰਡੀ ਵਿਚ ਆਪਣੇ ਕਪਾਹ ਲਿਆਏ ਹਨ, ਨੂੰ ਆਪਣੀ ਜਿਣਸ ਪ੍ਰਾਈਵੇਟ ਮਿੱਲਾਂ ਕੋਲ ਸਸਤੇ ਭਾਅ ਵੇਚਣ ਲਈ ਮਜਬੂਰ ਹੋਣਾ ਪਿਆ ਹੈ।
ਅਕਾਲੀ ਦਲ ਵੱਲੋਂ ਸੀ ਸੀ ਆਈ ਦਫਤਰ ਦਾ ਦੌਰਾ ਕਰਨ ਮਗਰੋਂ ਇਸਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਆਖਣਗੇ ਕਿ ਉਹ ਇਸ ਸਬੰਧੀ ਜਨਤਕ ਐਲਾਨ ਕਰ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਕਿ ਉਹ 5400 ਰੁਪਏ ਦੇ ਘੱਟੋ ਘੱਟ ਸਮਰਥਨ ਤੋਂ ਘੱਟ ਕੀਮਤ ’ਤੇ ਆਪਣੀ ਜਿਣਸ ਨਾ ਵੇਚਣ। ਸ੍ਰੀ ਕੰਵਰਜੀਤ ਬਰਕੰਦੀ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਨਿਆ ਕਿ ਸੀ ਸੀ ਆਈ ਦੇ ਰਿਕਾਰਡ ਮੁਤਾਬਕ ਹਾਲੇ ਤੱਕ ਮੰਡੀ ਵਿਚ ਕਪਾਹ ਨਹੀਂ ਪੁੱਜੀ ਜਦਕਿ ਮੰਡੀ ਵਿਚ 7000 ਕੁਇੰਟਲ ਕਪਾਹ ਹੁਣ ਤੱਕ ਵਿਕ ਚੁੱਕੀ ਹੈ।
ਅਕਾਲੀ ਆਗੂਆਂ ਨੇ ਸੀ ਸੀ ਆਈ ਨੂੰ ਕਿਹਾ ਕਿ ਉਹ ਜਿਹੜੇ ਅਧਿਕਾਰੀਆਂ ਕਾਰਨ ਕਿਸਾਨ ਆਪਣੀ ਜਿਣਸ ਨਿਸ਼ਚਿਤ ਘੱਟੋ ਘੱਟ ਕੀਮਤ ਨਾਲੋਂ ਘੱਟ ਰੇਟ ’ਤੇ ਵੇਚਣ ਲਈ ਮਜਬੂਰ ਹੋਏ ਹਨ, ਉਹਨਾਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਿਖੇਧੀ ਕੀਤੀ ਜੋ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁਤਾਬਕ ਕਿਸਾਨਾਂ ਨੂੰ ਕਪਾਹ ਦਾ ਭਾਅ ਲੈ ਕੇ ਦੇਣ ਦੇ ਆਪਣੇ ਫਰਜ਼ ਵਿਚ ਫੇਲ੍ਹ ਹੋ ਗਏ। ਉਹਨਾਂ ਕਿਹਾ ਕਿ ਹੋਰਨਾਂ ਕੰਮਾਂ ਵਾਂਗ ਮੁੱਖ ਮੰਤਰੀ ਨੂੰ ਕਪਾਹ ਕਿਸਾਨਾਂ ਦੀ ਭਲਾਈ ਦੀ ਬਿਲਕੁਲ ਪਰਵਾਹ ਨਹੀਂ ਹੈ। ਕਾਂਗਰਸ ਸਰਕਾਰ ਵੱਲੋਂ ਕਪਾਹ ਕਿਸਾਨਾਂ ਦੀ ਮਦਦ ਵਿਚ ਨਿਤਰਣ ਤੋਂ ਨਾਂਹ ਕਰਨਾ ਇਸਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਅਨੁਸਾਰ ਹੈ ਜਿਸ ਤਹਿਤ ਇਹ ਏ ਪੀ ਐਮ ਸੀ ਐਕਟ ਖਤਮ ਕਰਨ ਤੇ ਸੂਬੇ ਵਿਚ ਸਰਕਾਰੀ ਖਰੀਦ ਘਟਾਉਣ ਦੀ ਵਕਾਲਤ ਕਰਦੀ ਹੈ।
ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਪ੍ਰਾਈਵੇਟ ਮਿੱਲਾਂ ਵੱਲੋਂ ਘੱਟ ਕੀਮਤ ’ਤੇ ਕਪਾਹ ਦੀ ਖਰੀਦ ਕਰਨ ਦੇ ਮਾਮਲੇ ਵਿਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਕਿਸਾਨਾਂ ਦੀ ਲੁੱਟ ਵੱਲ ਸੇਧਤ ਵੱਡਾ ਘੁਟਾਲਾ ਹੈ ਜਿਸ ਵਿਚ ਸੀ ਸੀ ਆਈ ਦੇ ਅਧਿਕਾਰੀ ਵੀ ਸ਼ਾਮਲ ਹਨ । ਉਹਨਾਂ ਕਿਹਾ ਕਿ ਅਜਿਹਾ ਜਾਪ ਰਿਹਾ ਹੈ ਕਿ ਘੁਟਾਲੇਬਾਜ਼ਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਹਾਸਲ ਹੈ। ਉਹਨਾਂ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਕਪਾਹ ਦੀ ਖਰੀਦ ਸਾਰੇ ਪੰਜਾਬ ਵਿਚ ਤੈਅਸ਼ੁਦਾ ਘੱਟ ਤੋਂ ਘੱਟ ਕੀਮਤ ’ਤੇ ਖਰੀਦ ਕਰਨ ਲਈ ਸਾਰੇ ਪੰਜਾਬ ਵਿਚ ਸੰਘਰਸ਼ ਸ਼ੁਰੂ ਕਰਾਂਗੇ।