ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਮੁਕਾਬਲੇ
ਭਾਸ਼ਣ ਮੁਕਾਬਲਿਆਂ ਵਿੱਚ ਪੁਤਲੀਘਰ ਹਾਈ ਸਕੂਲ ਦੇ ਵਿਦਿਆਰਥੀ ਛਾਏ
– ਦਸਤਾਰਬੰਦੀ ਮੁਕਾਬਲੇ ਵਿੱਚ ਹੁਸਨਪ੍ਰੀਤ ਕੌਰ ਨੇ ਦੁਮਾਲਾ ਸਜਾ ਕੇ ਵਾਹ ਵਾਹ ਖੱਟੀ
– ਸ਼੍ਰੀਮਤੀ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅੰਮਿ੍ਰਤਸਰ, 12 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਦੇ ਭਾਸ਼ਣ ਪ੍ਰਤੀਯੋਗਤਾ ਵਿੱਚ ਮਾਲਾਂਵਾਲੀ ਸਕੂਲ਼ ਦੀ ਨੇਹਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਜ਼ਿਲ਼ਾ ਸਿੱਖਿਆ ਅਫਸਰ (ਸੈ.ਸਿੱ) ਅੰਮਿ੍ਰਤਸਰ ਸਤਿੰਦਰਬੀਰ ਸਿੰਘ ਅਤੇ ਜ਼ਿਲਾ ਨੋਡਲ ਅਫਸਰ ਮੈਡਲ ਆਦਰਸ਼ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਵਿਹੜੇ ਕਰਵਾਏ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ਵਿੱਚ ਜ਼ਿਲੇ ਦੇ ਕਰੀਬ 23 ਸਕੂਲਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਮੈਡਮ ਸ਼ਰਮਾ ਨੇ ਦੱਸਿਆ ਕਿ ਭਾਸ਼ਣ ਪ੍ਰਤੀਯੋਗਤਾ ਵਿੱਚ ਜ਼ਿਲੇ ਦੇ ਕਰੀਬ 40 ਵਿਦਿਆਰਥੀਆਂ ਨੇ ਭਾਗ ਲਿਆ। ਬਲਜਿੰਦਰ ਸਿੰਘ ਮਾਨ, ਸ਼੍ਰੀਮਤੀ ਬਿਮਲਾ ਕੌਰ, ਮਨਦੀਪ ਬੱਲ ਨੈਸ਼ਨਲ ਅਵਾਰਡੀ, ਕੁਲਦੀਪ ਕੌਰ, ਗੁਰਜੀਤ ਕੌਰ ਪੁੁਤਲੀਘਰ ਦੀ ਪਾਰਖੂ ਅੱਖ ਨੇ ਵਿਦਿਆਰਥੀਆਂ ਦੀ ਕਲਾ ਨੂੰ ਪਛਾਣਦਿਆਂ ਮਿਡਲ ਵਰਗ ਵਿਚੋਂ ਸਰਕਾਰੀ ਮਿਡਲ ਸਕੂਲ ਮਾਲਾਂਵਾਲੀ ਦੀ ਵਿਦਿਆਰਥਣ ਨੇਹਾ ਨੂੰ ਜੇਤੂ ਤੇ ਸਰਕਾਰੀ ਹਾਈ ਸਕੂਲ ਪੁਤਲੀਘਰ ਦੀ ਮੁਸਕਾਨ ਨੂੰ ਉੱਪ ਜੇਤੂ ਐਲਾਣਿਆ। ਸੈਕੰਡਰੀ ਵਰਗ ਵਿੱਚੋਂ ਛੇਹਰਟਾ ਸਕੂਲ ਦੀ ਰੁਪਿੰਦਰ ਕੌਰ ਨੇ ਪਹਿਲਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ ਵਿਦਿਆਰਥਣ ਸੰਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸਦੇ ਨਾਲ ਕਰਵਾਏ ਗਏ ਸੁੰਦਰ ਦਸਤਾਰ ਮੁਕਾਬਲਿਆਂ ਵਿੱਚੋਂ ਜਿਥੇ ਕੋਟ ਬਾਬਾ ਦੀਪ ਸਿੰਘ (ਲੜਕੇ) ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਿਹਾ ਉਥੇ ਹੀ ਮਾਲ ਰੋਡ ਸਕੂਲ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਦੁਮਾਲਾ ਸਜਾ ਕੇ ਜੱਜ ਸਹਿਬਾਨ ਤੇ ਹਾਜਰ ਅਧਿਆਪਕਾਂ ਦੀ ਵਾਹ ਵਾਹ ਖੱਟੀ। ਸਰਕਾਰੀ ਹਾਈ ਸਕੂਲ ਪੁਤਲੀਘਰ ਦਾ ਵਿਦਿਆਰਥੀ ਸਿਮਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਬਦ ਗਾਇਨ ਮੁਕਾਬਲਿਆਂ ਵਿੱਚ ਕੋਟ ਬਾਬਾ ਦੀਪ ਸਿੰਘ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਤੇ ਵਿਸਦਾਰ ਸਾਂਝੇ ਰੂਪ ਵਿੱਚ ਪਹਿਲੇ ਅਤੇ ਮਾਲ ਰੋਡ ਸਕੂਲ ਦੀ ਵਿਦਿਆਰਥਣ ਕਾਜਲ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਜੇਤੂ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਮਨਦੀਪ ਕੌਰ ਮਾਲ ਰੋਡ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ਼੍ਰੀਮਤੀ ਕੰਵਲਇੰਦਰ ਕੌਰ ਵਲੋਂ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਗਿਆ।






















