ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਅੱਜ ਤੋਂ ਸ਼ੁਰੂ
ਨਵਾਂਸ਼ਹਿਰ, 9 ਨਵੰਬਰ (ਵਿਸ਼ਵ ਵਾਰਤਾ)-ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਤੋਂ ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ ਪ੍ਰਤੀ ਆਮ ਲੋਕਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਵਾ ਵੱਲੋਂ ਏ ਡੀ ਸੀ (ਜ) ਰਾਜੀਵ ਵਰਮਾ ਸਮੇਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨਵਾਂਸ਼ਹਿਰ ਤੋਂ ਵਿਦਿਆਰਥੀਆਂ ਦੇ ਜਾਗਰੂਕਤਾ ਮਾਰਚ ਅਤੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਇਸ ਜਾਗਰੂਕਤਾ ਮਾਰਚ ’ਚ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀ ਸ਼ਾਮਿਲ ਸਨ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਅੱਜ 9 ਨਵੰਬਰ ਤੋਂ 8 ਦਸੰਬਰ 2022 ਤੱਕ ਇੱਕ ਮਹੀਨੇ ਦੀ ਇਸ ਵੋਟਰ ਸੂਚੀ-2023 ਸੁਧਾਈ ਮੁਹਿੰਮ ਦੌਰਾਨ ਨਵੇਂ ਵੋਟ ਬਣਵਾਉਣ ਤੋਂ ਇਲਾਵਾ ਜਿਹੜੇ ਮਤਦਾਤਾ ਪਤਾ ਬਦਲਣ ਜਾਂ ਪਰਿਵਾਰਿਕ ਮੈਂਬਰ ਦੀ ਮੌਤ ਦੀ ਸੂਰਤ ’ਚ ਵੋਟ ਕਟਵਾਉਣੀ ਚਾਹੁੰਦੇ ਹਨ ਜਾਂ ਆਪਣੀ ਵੋਟ ’ਚ ਦਰੁਸਤੀ ਕਰਵਾਉਣਾ ਚਾਹੁੰਦੇ ਹਨ, ਆਪਣੇ ਬੂਥ ਲੈਵਲ ਅਫ਼ਸਰ ਜਾਂ ਨੇੜੇ ਪੈਂਦੇ ਐਸ ਡੀ ਐਮ ਕਮ ਮਤਾਦਤਾ ਰਜਿਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਲੋੜੀਂਦਾ ਫ਼ਾਰਮ ਭਰ ਕੇ ਦਾਅਵਾ ਜਾਂ ਇਤਰਾਜ਼ ਪੇਸ਼ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਪਹਿਲੀ ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਆਪੋ-ਆਪਣੇ ਬੂਥ ਦੇ ਬੀ ਐਲ ਓ ਰਾਹੀਂ ਫ਼ਾਰਮ ਨੰ. 6 ਭਰ ਕੇ ਆਪਣੀ ਵੋਟ ਰਜਿਸਟਰ ਕਰਵਾਉਣ ਦਾ ਸੱਦਾ ਵੀ ਦਿੱਤਾ।
ਉੁਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤਾ ਗਿਆ ਡਰਾਫ਼ਟ ਰੋਲ (ਮਤਦਾਤਾ ਸੂਚੀ ਦਾ ਖਰੜਾ) ਵੀ ਬੀ ਐਲ ਓ ਕੋਲ, ਐਸ ਡੀ ਐਮ ਦਫ਼ਤਰ ਦੀ ਚੋਣ ਸ਼ਾਖਾ ’ਚ ਜਾਂ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ ਸੀ ਈ ਓ ਪੰਜਾਬ ਡਾਟ ਐਨ ਆਈ ਸੀ ਡਾਟ ਇੰਨ ’ਤੇ ਦੇਖਣ ਲਈ ਉਪਲਬਧ ਹੈ। ਇਸ ਦੇ ਆਧਾਰ ’ਤੇ ਹੀ ਜੇਕਰ ਕਿਸੇ ਦੀ ਵੋਟ ਨਹੀਂ ਹੈ ਤਾਂ ਉਹ ਫ਼ਾਰਮ ਨੰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਜਾਂ ਦਰੁਸਤੀ ਕਰਵਾਉਣੀ ਹੈ ਤਾਂ ਫ਼ਾਰਮ ਨੰ. 7 (ਵੋਟ ਕਟਵਾਉਣ) ਅਤੇ ਸੋਧ ਲਈ ਫ਼ਾਰਮ ਨੰ. 8 ਭਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਮਤਦਾਤਾ ਸੂਚੀ ਸੁਧਾਈ ਮੁਹਿੰਮ ਦੀ ਜਾਣਕਾਰੀ ਜ਼ਿਲ੍ਹੇ ’ਚ ਘਰ-ਘਰ ਤੱਕ ਪਹੁੰਚਾਉਣ ਲਈ ਅੱਜ ਜ਼ਿਲ੍ਹਾ ਪੱਧਰ ’ਤੇ ਇਸ ਮਾਰਚ ਤੇ ਸਾਈਕਲ ਰੈਲੀ ਤੋਂ ਇਲਾਵਾ ਵਿਦਿਅਕ ਅਦਾਰਿਆਂ ’ਚ ਬਣੇ ਹੋਏ ਇਲੈਕਟੋਰਲ ਲਿਟਰੇਸੀ ਕਲੱਬਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਕੇਵਲ ਪਹਿਲੀ ਜਨਵਰੀ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹੀ ਵੋਟਰ ਬਣਨ ਲਈ ਫ਼ਾਰਮ ਭਰ ਸਕਦੇ ਹਨ, ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੇ ਹੋਏ ਚੋਣ ਕਮਿਸ਼ਨ ਵੱਲੋਂ ਹੁਣ ਪਹਿਲੀ ਜਨਵਰੀ ਤੋਂ ਇਲਾਵਾ ਪਹਿਲੀ ਅਪਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜੁਆਨਾਂ ਲਈ ਵੀ ਵੋਟਰ ਬਣਨ ਦਾ ਮੌਕਾ ਮੁਹੱਈਆ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਮੁਹਿੰਮ ਦੀ ਮੁਕੰਮਲਤਾ ਬਾਅਦ 5 ਜਨਵਰੀ 2023 ਨੂੰ ਮਤਦਾਤਾ ਸੂਚੀ ਦੀ ਅੰਤਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਗੋ ਪਲਵਿੰਦਰ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਲੈਕਚਰਾਰ ਸਤਨਾਮ ਸਿੰਘ, ਜ਼ਿਲ੍ਹਾ ਚੋਣ ਦਫ਼ਤਰ ਦੇ ਪ੍ਰੋਗਰਾਮਰ ਅਮਿਤ ਸੈਣੀ ਤੇ ਮਾਰਚ ’ਚ ਭਾਗ ਲੈਣ ਵਾਲੇ ਵਿਦਿਅਕ ਅਦਾਰਿਆਂ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਇੰਚਾਰਜ ਹਰਦੀਪ ਕੌਰ ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਅਧਿਆਪਕ ਮੌਜੂਦ ਸਨ।